ਖੇਤਰੀ ਪ੍ਰਤੀਨਿਧ
ਧੂਰੀ, 13 ਨਵੰਬਰ
ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਭਾਵੇਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਦੇਸ਼ ਭਰ ’ਚ ਪਟਾਕੇ ਚਲਾਉਣ ’ਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਪਰ ਧੂਰੀ ਸ਼ਹਿਰ ਦੇ ਬਜ਼ਾਰਾਂ ਵਿੱਚ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਸਾਫ਼ ਦਿਖਾਈ ਦੇ ਰਹੀਆਂ ਹਨ ਅਤੇ ਬਜ਼ਾਰਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਪਾਬੰਦੀਸ਼ੁਦਾ ਪਟਾਕੇ ਸ਼ਰੇਆਮ ਵੇਚੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਤਿੰਨ ਵਿਅਕਤੀਆਂ ਨੂੰ ਨਿਰਧਾਰਤ ਸਥਾਨ ’ਤੇ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ ਪਰ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅੰਦਰ ਦਰਜਨਾਂ ਤੋਂ ਵੱਧ ਪਟਾਕਾ ਵਿਕਰੇਤਾ ਹਰ ਕਿਸਮ ਦੇ ਪਟਾਕੇ ਵੇਚ ਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਐਸਡੀਐਮ ਲਤੀਫ਼ ਅਹਿਮਦ ਨੇ ਕਿਹਾ ਕਿ ਜੇ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਪਰਮਜੀਤ ਸਿੰਘ ਨੇ ਕਿਹਾ ਸ਼ਹਿਰ ਅੰਦਰ ਪਾਬੰਦੀਸ਼ੁਦਾ ਪਟਾਕੇ ਨਹੀਂ ਵਿਕਣ ਦਿੱਤੇ ਜਾਣਗੇ। ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਨੇ ਬਜ਼ਾਰਾਂ ਅੰਦਰ ਪਟਾਕੇ ਵੇਚਣ ਵਾਲਿਆਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਨੇੜੇ ਪਾਣੀ, ਮਿੱਟੀ ਤੇ ਅੱਗ ਬਝਾਊ ਯੰਤਰ ਲਾਜ਼ਮੀ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਛੇ ਮਹੀਨੇ ਪਹਿਲਾਂ ਇਹ ਹੁਕਮ ਜਾਰੀ ਕਰਨੇ ਚਾਹੀਦੇ ਸਨ।