ਨਿੱਜੀ ਪੱਤਰ ਪ੍ਰੇਰਕ
ਨਾਭਾ, 14 ਸਤੰਬਰ
ਨਾਭਾ ਨਗਰ ਕੌਂਸਲ ਦੀ ਮੀਤ ਪ੍ਰਧਾਨ ਵੱਲੋਂ ਨਗਰ ਕੌਂਸਲ ਦੀ ਕਾਰਜ ਪ੍ਰਣਾਲੀ ਉੱਪਰ ਸਵਾਲ ਖੜ੍ਹੇ ਕਰਨ ਨਾਲ ਕੌਂਸਲ ਮੁੜ ਵਿਵਾਦਾਂ ਦੇ ਘੇਰੇ ’ਚ ਹੈ। ਮਾਮਲਾ ਇਹ ਹੈ ਕਿ ਮੀਤ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਕੁਮਾਰ ਪੱਪੂ ਵੱਲੋਂ ਫੇਸਬੁੱਕ ਉੱਪਰ ਕਈ ਦਿਨਾਂ ਤੋਂ ਕੌਂਸਲ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ। ਕਾਂਗਰਸ ਵਰਕਰ ਪੱਪੂ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਕਿ ਜਦੋਂ ਉਨ੍ਹਾਂ ਨੇ ਮੁੱਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਗੇ ਚੁੱਕੇ ਤਾਂ ਸ਼ੈਂਟੀ ਵੱਲੋਂ ਮੰਤਰੀ ਦੇ ਸਾਹਮਣੇ ਉਸ ਨੂੰ ਗਾਲਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਗਈਆਂ।
ਪੱਪੂ ਦੇ ਦੱਸਣ ਮੁਤਾਬਕ ਨਾਭਾ ਕੌਂਸਲ ਹਰ ਰੋਜ਼ ਮੱਛਰ ਮਾਰੂ ਫੌਗਿੰਗ ਲਈ 12 ਹਜ਼ਾਰ ਰੁਪਏ ਪ੍ਰਤੀ ਦਿਨ ਖਰਚ ਰਹੀ ਹੈ ਪਰ ਫੌਗਿੰਗ ਕੀਤੀ ਨਹੀਂ ਜਾ ਰਹੀ। ਰੌਲਾ ਪੈਣ ਉਪਰੰਤ ਸਾਰੇ ਕੌਂਸਲਰਾਂ ਕੋਲ ਇਕ ਪਹਿਲਾਂ ਤੋਂ ਟਾਈਪ ਕੀਤਾ ਹਲਫੀਆ ਬਿਆਨ ਭੇਜਿਆ ਗਿਆ ਕਿ ਸਾਡੇ ਵਾਰਡ ਵਿੱਚ ਤਸੱਲੀਬਖਸ਼ ਫੌਗਿੰਗ ਹੋ ਰਹੀ ਹੈ ਅਤੇ ਕੌਂਸਲਰਾਂ ਨੂੰ ਇਸ ਨੂੰ ਤਸਦੀਕ ਕਰਕੇ ਭੇਜਣ ਲਈ ਕਿਹਾ ਗਿਆ। ਪਰ ਸੁਜਾਤਾ ਚਾਵਲਾ ਨੇ ਇਸ ਦੇ ਉਲਟ ਆਪਣੇ ਵੱਲੋਂ ਇੱਕ ਬਿਆਨ ਲਿਖ ਕੇ ਘੁਟਾਲੇ ਦੀ ਜਾਂਚ ਕਰਨ ਬਾਰੇ ਲਿਖ ਦਿੱਤਾ। ਇਸ ਪਿੱਛੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕੌਂਸਲਰਾਂ, ਅਹੁਦੇਦਾਰਾਂ ਸਮੇਤ ਪੱਚੀ ਦੇ ਕਰੀਬ ਕਾਂਗਰਸ ਮੈਂਬਰਾਂ ਨੇ ਰੈਸਟ ਹਾਊਸ ਵਿਖੇ ਮੀਟਿੰਗ ਕਰਕੇ ਪੰਕਜ ਪੱਪੂ ਅਤੇ ਸੁਜਾਤਾ ਚਾਵਲਾ ਨੂੰ ਕਾਂਗਰਸ ’ਚੋਂ ਕੱਢਣ ਦਾ ਫੈਸਲਾ ਕੀਤਾ। ਮੰਤਰੀ ਨੇ ਕਿਹਾ ਕਿ ਸੁਜਾਤਾ ਚਾਵਲਾ ਨੂੰ ਮੀਤ ਪ੍ਰਧਾਨਗੀ ਤੋਂ ਉਤਾਰਨ ਲਈ ਵੀ ਕੌਂਸਲਰ ਮਤਾ ਪਾਉਣਗੇ। ਮੰਤਰੀ ਅਤੇ ਕੌਂਸਲ ਪ੍ਰਧਾਨ ਸਮੇਤ ਕੌਂਸਲਰਾਂ ਨੇ ਕਿਹਾ ਕਿ ਪੰਕਜ ਪੱਪੂ ਦੀ ਇਹ ਆਦਤ ਹੈ ਕਿ ਉਹ ਜ਼ਿਆਦਾਤਰ ਕਿਸੇ ਪਾਰਟੀ ਚ ਰਹਿ ਨਹੀਂ ਸਕਦਾ ਜਿਸ ਕਰਕੇ ਉਹ ਭਾਜਪਾ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਭ ਵਿੱਚ ਮੈਂਬਰ ਰਹਿ ਚੁੱਕਾ ਹੈ। ਹੁਣ ਵੀ ਉਹ ਕਿਸੇ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਜਿਸ ਕਾਰਨ ਝੂਠੇ ਇਲਜ਼ਾਮ ਲਗਾ ਕੇ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਦਾ ਕੰਮ ਕਰ ਰਿਹਾ ਹੈ।
ਨਾਭਾ ਰੈਸਟ ਹਾਊਸ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ, ਕੌਂਸਲਰ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ।