ਪੱਤਰ ਪ੍ਰੇਰਕ
ਫਰੀਦਾਬਾਦ, 4 ਮਾਰਚ
ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐਮਸੀਏ, ਫਰੀਦਾਬਾਦ ਦੀ ਐਨਐਸਐਸ ਯੂਨਿਟ ਦੇ ਵਾਲੰਟੀਅਰਾਂ ਨੇ ਰਾਸ਼ਟਰੀ ਪਲਸ ਪੋਲੀਓ ਪ੍ਰੋਗਰਾਮ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਦਿਨਾਂ ਪਲਸ ਪੋਲੀਓ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਈ।
ਟੀਕਾਕਰਨ ਮੁਹਿੰਮ ਦੀ ਅਗਵਾਈ ਐਨਐਸਐਸ ਕੋਆਰਡੀਨੇਟਰ ਪ੍ਰੋ. ਪ੍ਰਦੀਪ ਡਿਮਰੀ, ਪ੍ਰੋਗਰਾਮ ਅਫ਼ਸਰ ਡਾ. ਬਿੰਦੂ ਮੰਗਲਾ, ਡਾ. ਉਮੇਸ਼ ਅਤੇ ਡਾ. ਨਿਤਿਨ ਪੰਵਾਰ ਨੇ ਕੀਤੀ| ਪ੍ਰੋ. ਪ੍ਰਦੀਪ ਡਿਮਰੀ ਨੇ ਕਿਹਾ ਕਿ ਵਿਦਿਆਰਥੀ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਭਾਗ ਲੈ ਕੇ ਪ੍ਰੇਰਿਤ ਹੁੰਦੇ ਹਨ। ਵਾਈਸ ਚਾਂਸਲਰ ਪ੍ਰੋ. ਐਸ.ਕੇ ਤੋਮਰ ਤੇ ਰਜਿਸਟਰਾਰ ਡਾ. ਐਸ.ਕੇ. ਗਰਗ ਨੇ ਐਨਐਸਐਸ ਵਾਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਕੰਪਿਊਟਰ ਇੰਜਨੀਅਰਿੰਗ ਤੇ ਟੈਕਨਾਲੋਜੀ ’ਤੇ ਖੋਜ ਜਰਨਲ ਦਾ ਐਲਾਨ
ਫਰੀਦਾਬਾਦ: ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ, ਵਾਈਐਮਸੀਏ, ਫਰੀਦਾਬਾਦ ਜਲਦੀ ਹੀ ਗੁਣਵੱਤਾ ਵਾਲੇ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨ ਲਈ ਕੰਪਿਊਟਰ ਇੰਜਨੀਅਰਿੰਗ ਅਤੇ ਤਕਨਾਲੋਜੀ ’ਤੇ ਰਿਸਰਚ ਜਰਨਲ ਲਿਆਏਗੀ। ਇਸ ਨਾਲ ਕੰਪਿਊਟਰ ਇੰਜਨੀਅਰਿੰਗ ਨਾਲ ਸਬੰਧਿਤ ਵਿਗਿਆਨ ਤੇ ਤਕਨਾਲੋਜੀ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਜਾ ਰਹੇ ਨਵੀਨਤਮ ਖੋਜ ਅਤੇ ਵਿਕਾਸ ਕਾਰਜਾਂ ਨੂੰ ਉਤਸ਼ਾਹ ਮਿਲੇਗਾ। ਇਹ ਫ਼ੈਸਲਾ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਕੁਮਾਰ ਤੋਮਰ ਦੀ ਪ੍ਰਧਾਨਗੀ ਹੇਠ ਹੋਈ ਕੰਪਿਊਟਰ ਇੰਜਨੀਅਰਿੰਗ ਵਿਭਾਗ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਦੌਰਾਨ ਇੰਜਨੀਅਰਿੰਗ ਫੈਕਲਟੀ ਵਿਭਾਗ ਦੇ ਡੀਨ ਅਤੇ ਮੁਖੀ ਪ੍ਰੋ. ਕੋਮਲ ਕੁਮਾਰ ਭਾਟੀਆ ਅਤੇ ਰਜਿਸਟਰਾਰ ਡਾ. ਐਸ.ਕੇ. ਗਰਗ ਸਣੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਖੋਜ ਕਾਰਜਾਂ ਦੀ ਗੁਣਵੱਤਾ ਸੁਧਾਰਨ ’ਤੇ ਜ਼ੋਰ ਦਿੰਦਿਆਂ ਪ੍ਰੋ. ਤੋਮਰ ਨੇ ਕਿਹਾ ਕਿ ਸੀਨੀਅਰ ਫੈਕਲਟੀ ਮੈਂਬਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਖੋਜ ਲਈ ਵਿਦਵਾਨਾਂ ਦੁਆਰਾ ਲੋੜੀਂਦੇ ਗੁਣਵੱਤਾ ਦੇ ਮਾਪਦੰਡ ਅਪਣਾਏ ਜਾਣ।