ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ , 14 ਸਤੰਬਰ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਧਰਨਿਆਂ ਨੇ ਔਰਤਾਂ ਦੇ ਮਨਾਂ ਅੰਦਰ ਸਰਕਾਰਾਂ ਪ੍ਰਤੀ ਫੁੱਟ ਰਹੇ ਲਾਵੇ ਨੂੰ ਹੀ ਬਾਹਰ ਨਹੀਂ ਲਿਆਂਦਾ ਸਗੋਂ ਉਨ੍ਹਾਂ ਅੰਦਰ ਵੱਡੇ ਮੰਚਾਂ ’ਤੇ ਜਾ ਕੇ ਬੋਲਣ ਦੀ ਛੁਪੀ ਕਲਾ ਨੂੰ ਵੀ ਬਾਹਰ ਕੱਢਿਆ ਹੈ। ਸੁਨਾਮ ਵਿਖੇ ਰਿਲਾਇੰਸ ਦੇ ਟਰੈਂਡਜ਼ ਮਾਲ ਅੱਗੇ ਚੱਲ ਰਹੇ ਕਿਸਾਨੀ ਧਰਨੇ ਵਿਚ ਮਰਦ ਬੁਲਾਰਿਆਂ ਦੇ ਬਰਾਬਰ ਔਰਤਾਂ ਵੀ ਆਪਣੀਆਂ ਤਿੱਖੀਆਂ ਤਕਰੀਰਾਂ ਨਾਲ ਮੋਦੀ ਸਰਕਾਰ ਦੀਆਂ ਮਨੁੱਖ ਵਿਰੋਧੀ ਨੀਤੀਆਂ ਨੂੰ ਭੰਡ ਰਹੀਆਂ ਹਨ।
ਲਵਲੀ ਕੌਰ ਧਰਮਗੜ, ਮਨਜੀਤ ਕੌਰ ਤੋਲਾਵਾਲ, ਬਲਜੀਤ ਕੌਰ ਖਡਿਆਲ, ਲਵਲੀ ਕੌਰ ਧਰਮਗੜ੍ਹ ਨੇ ਕਿਹਾ ਕਿ ਮੋਦੀ ਸਰਕਾਰ ਸੋਚ ਲਵੇ ਕਿ ਕਿਸਾਨਾਂ ਤੋਂ ਜ਼ਮੀਨਾਂ ਹੜੱਪ ਕਿ ਕੀ ਸੁੱਖ ਦੀ ਨੀਂਦ ਸੌਂ ਲਵੇਗਾ ? ਉਨ੍ਹਾਂ ਕਿਹਾ ਕਿ ਮੋਦੀ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਦੁਨੀਆਂ ਵਿੱਚ ਜਿਹੜੇ ਵੀ ਸ਼ਾਸਕ ਨੇ ਅੱਤ ਚੁੱਕੀ ਹੈ ਉਸ ਦਾ ਅੰਤ ਬਹੁਤ ਭਿਆਨਕ ਹੋਇਆ ਹੈ। ਅੱਜ ਦੇ ਧਰਨੇ ਨੂੰ ਦਰਬਾਰਾ ਸਿੰਘ ਛਾਜਲਾ, ਗੋਬਿੰਦ ਸਿੰਘ ਚੱਠਾ, ਰਾਮਸਰਨ ਸਿੰਘ ਉਗਰਾਹਾਂ, ਰਾਮਪਾਲ ਸ਼ਰਮਾ ਸੁਨਾਮ, ਸੁਖਵਿੰਦਰ ਸਿੰਘ ਧਰਮਗੜ੍ਹ ਅਤੇ ਮਹਿੰਦਰ ਨਮੋਲ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ:: ਧਰਨੇ ਨੂੰ ਸੰਬੋਧਨ ਕਰਦੀ ਹੋਈ ਲਵਲੀ ਕੌਰ ਧਰਮਗੜ।