ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਨਵੰਬਰ
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਾਰਕਫੈੱਡ ਨੇ ਕੋਵਿਡ-19 ਮਹਾਮਾਰੀ ਦੌਰਾਨ ਵੀ ਪ੍ਰਗਤੀ ਦਿਖਾਉਂਦਿਆਂ ਸਮਰੱਥਾ ’ਚ ਵਾਧਾ ਕੀਤਾ ਹੈ। ਉਨ੍ਹਾਂ ਅੱਜ ਇੱਥੇ ਇੰਜਨੀਅਰਿੰਗ, ਸੂਚਨਾ ਤਕਨਾਲੋਜੀ, ਮਾਰਕੀਟਿੰਗ ਅਤੇ ਪਸ਼ੂ ਪਾਲਣ ਖੇਤਰ ਵਿੱਚ 27 ਉਮੀਦਵਾਰਾਂ ਨੂੰ ਸਹਾਇਕ ਮੈਨੇਜਰ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ 254 ਕਰੋੜ ਰੁਪਏ ਦੇ ਵਿਕਾਸ ਅਤੇ ਪਸਾਰ ਪ੍ਰਾਜੈਕਟ ਉਸਾਰੀ ਅਧੀਨ ਹਨ। ਸ੍ਰੀ ਰੰਧਾਵਾ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ, ਘਿਓ (ਸੀਪੀ) ਅਤੇ ਯੂਐੱਚਟੀ ਮਿਲਕ ਦੀ ਵਿਕਰੀ ਵਿਚ ਪਿਛਲੇ ਸਾਲ ਦੇ ਇਸੇ ਸਮੇਂ ਦੇ ਮੁਕਾਬਲੇ 30 ਫ਼ੀਸਦੀ ਅਤੇ 91 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਲਕਫੈੱਡ ਨੇ ਕਈ ਨਵੇਂ ਉਤਪਾਦ ਲਾਂਚ ਕੀਤੇ ਹਨ। ਮਿਲਕਫੈੱਡ ਵੱਲੋਂ ਨੇੜ ਭਵਿੱਖ ਵਿੱਚ 540 ਤਕਨੀਕੀ ਪੋਸਟਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।