ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਸਤੰਬਰ
ਦੇਸ਼ ਭਗਤ ਵਿਰਾਸਤ ਦੇ ਆਧਾਰ ’ਤੇ ਉਸਰੀ ਤੇ ਸਥਾਪਤ ਹੋਈ ਸੰਸਥਾ ‘ਕੋਮਾਗਾਟਾਮਾਰੂ ਯਾਦਗਾਰ ਕਮੇਟੀ’ ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਸਾਥੀ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ 29 ਸਤੰਬਰ 1914 ਦੇ ਬੱਜ ਬੱਜ ਘਾਟ (ਮੌਜੂਦਾ ਨਾਮ ਕੌਮਾਗਾਟਾਮਾਰੂ ਘਾਟ) ਦੇ ਖ਼ੂਨੀ ਸਾਕੇ ਦੇ 19 ਸ਼ਹੀਦਾਂ ਦੀ ਯਾਦ ਵਿੱਚ ਵਿਸ਼ਾਲ ਸ਼ਹੀਦੀ ਸਮਾਗਮ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਲੁਧਿਆਣਾ ਦਫ਼ਤਰ ਵਿੱਚ ਵੀਰਵਾਰ ਨੂੰ ਠੀਕ 10 ਵਜੇ ਤੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਮਾਸਟਰ ਜਸਦੇਵ ਸਿੰਘ ਲਲਤੋਂ, ਐਡਵੋਕੇਟ ਕੁਲਦੀਪ ਸਿੰਘ, ਬੀਬੀ ਜਸਵੀਰ ਕੌਰ ਜੋਧਾਂ, ਸ਼ਿੰਦਰ ਜਵੱਦੀ, ਚਰਨਜੀਤ ਹਿਮਾਯੂਪੁਰਾ, ਕਾਮਰੇਡ ਤਰਸੇਮ ਜੋਧਾਂ, ਜੋਗਿੰਦਰ ਸਹਿਜ਼ਾਦ ਨੇ ਕਿਹਾ ਕਿ ਅੱਜ ਜਦੋਂ ਦੇਸ਼ ਅੰਦਰ ਫ਼ਿਰਕੂ ਫਾਸ਼ੀ ਤਾਕਤਾਂ ਵੱਲੋਂ ਧਰਮਾਂ, ਜਾਤਾਂ, ਇਲਾਕਿਆਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਤੇ ਸਦਭਾਵਨਾ ਨੂੰ ਤਬਾਹ ਕਰਨ, ਆਪਸੀ ਭੜਕਾਉਣ- ਲੜਾਉਣ- ਮਰਵਾਉਣ ਲਈ ਨਿੱਤ ਨਵੀਆਂ ਸਾਜ਼ਿਸ਼ਾਂ ਤੇ ਮਨਸੂਬੇ ਘੜ ਰਹੀਆਂ ਹਨ ਤਾਂ ਅਜਿਹੇ ਨਾਜ਼ੁਕ ਤੇ ਖ਼ਤਰਨਾਕ ਦੌਰ ਵਿੱਚ ਗ਼ਦਰ ਪਾਰਟੀ ਦੇ ਮਹਾਨ ਸ਼ਹੀਦਾਂ ਤੇ ਯੋਧਿਆਂ ਦੀ ਜਮਹੂਰੀ, ਧਰਮ ਨਿਰਪੱਖ, ਭਾਈਚਾਰਕ ਏਕੇ ਤੇ ਸਾਂਝੇ ਸੰਗਰਾਮਾਂ ਦੀ ਵਿਰਾਸਤ ਨੂੰ ਹੋਰ ਬੁਲੰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 29 ਸਤੰਬਰ ਦੇ ਕੌਮਾਗਾਟਾ ਮਾਰੂ ਸ਼ਹੀਦੀ ਸਮਾਗਮ ਲੁਧਿਆਣਾ ਦੀ ਕਾਮਯਾਬੀ ਲਈ ਜ਼ੋਰਦਾਰ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਮੀਟਿੰਗ ਵਿੱਚ ਵਿੱਚ ਪਾਸ ਕੀਤੇ ਮਤਿਆਂ ਦੌਰਾਨ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਨੇ ਗੁਜਰਾਤ ਸਰਕਾਰ ਵੱਲੋਂ ਬਿਲਕੀਸ ਬਾਨੋ ਕੇਸ ਦੇ 11 ਮੁਰਜਮਾਂ ਨੂੰ ਰਿਹਾਅ ਕਰਨ, ਲਖੀਮਪੁਰ ਖੀਰੀ (ਯੂ.ਪੀ.) ਵਿੱਚ ਦੋ ਨਾਬਾਲਗ ਤੇ ਦਲਿਤ ਲੜਕੀਆਂ ਦੀ ਜਬਰ-ਜਨਾਹ ਕਰਨ ਮਗਰੋਂ ਵਹਿਸ਼ੀ ਕਤਲ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਇਸ ਘਟਨਾ ਸਬੰਧੀ ਫਾਸਟ ਟਰੈਕ ਕੋਰਟ ਰਾਹੀਂ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।