ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਜੂਨ
ਇੱਥੋਂ ਦੇ ਛਾਉਣੀ ਇਲਾਕੇ ਵਿੱਚ ਇਕ ਘਰ ਦੀ ਛੱਤ ’ਤੇ ਨਵਜੰਮੀ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਇਹ ਮੰਨਿਆ ਜਾ ਰਿਹਾ ਹੈ ਕਿ ਨਵ-ਜੰਮੀ ਬੱਚੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਕੰਬਲ ਵਿਚ ਲਪੇਟ ਕੇ ਛਾਉਣੀ ਦੇ ਇੱਕ ਘਰ ਦੀ ਛੱਤ ’ਤੇ ਸੁੱਟੀ ਗਈ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇੱਕ ਔਰਤ ਛੱਤ ’ਤੇ ਕੱਪੜੇ ਸੁਕਾਉਣ ਗਈ ਤਾਂ ਗੁਆਂਢੀਆਂ ਦੀ ਛੱਤ ’ਤੇ ਨਵਜੰਮੀ ਬੱਚੀ ਦੀ ਲਾਸ਼ ਪਈ ਦੇਖੀ। ਨਜ਼ਦੀਕੀ ਘਰਾਂ ਦੇ ਲੋਕਾਂ ਨੇ ਨਵਜੰਮੀ ਬੱਚੀ ਦੀ ਲਾਸ਼ ਦੇਖ ਕੇ ਤੁਰੰਤ ਥਾਣਾ ਸਦਰ ਜਲੰਧਰ ਛਾਉਣੀ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਬਾਅਦ ਪੁਲੀਸ ਮੁਲਾਜ਼ਮਾਂ ਨੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਥਾਣਾ ਸਦਰ ਦੀ ਇੰਚਾਰਜ ਰਾਜਵੰਤ ਕੌਰ ਨੇ ਦੱਸਿਆ ਕਿ ਇਹ ਘਟਨਾ ਮੁਹੱਲਾ ਨੰਬਰ-21 ਜਲੰਧਰ ਛਾਉਣੀ ਵਿੱਚ ਵਾਪਰੀ ਹੈ। ਇਕ ਘਰ ਦੀ ਛੱਤ ’ਤੇ ਬਣੀ ਪਾਣੀ ਵਾਲੀ ਟੈਂਕੀ ਕੋਲ ਨਵਜੰਮੀ ਬੱਚੀ ਦੀ ਲਾਸ਼ ਮਿਲੀ। ਲਾਸ਼ ਚਾਰ-ਪੰਜ ਦਿਨ ਪੁਰਾਣੀ ਲੱਗ ਰਹੀ ਹੈ ਤੇ ਲਾਸ਼ ਵਿਚ ਕੀੜੇ ਪੈ ਗਏ ਹਨ। ਪੁਲੀਸ ਨੇ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਆਸਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ।