ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 22 ਜੁਲਾਈ
ਇਥੋਂ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਹਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋਂ ਆਪਣੀਆਂ ਮੰਗਾਂ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਚੌਥੇ ਦਿਨ ਸਟਾਫ ਵੱਲੋਂ ਸਕੂਲ ਦੀ ਛੱਤ ਤੇ ਚੜ੍ਹਕੇ ਮੈਨੇਜਮੈਂਟ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਪ੍ਰਿੰਸੀਪਲ ਵੇਦ ਵਰਤ ਪਲਾਹ ਸਿਹਤ ਖਰਾਬ ਹੋਣ ਦੇ ਬਾਵਜੂਦ ਸਕੂਲ ਸਟਾਫ ਦੇ ਹੱਕ ਵਿੱਚ ਭੁੱਖ ਹੜਤਾਲ ’ਤੇ ਡਟਿਆ ਰਿਹਾ। ਸਟਾਫ ਦੀਆਂ ਮੰਗਾਂ ਦੇ ਹੱਕ ਵਿੱਚ ਭੁੱਖ ਹੜਤਾਲ ’ਤੇ ਬੈਠੇ ਪ੍ਰਿੰਸੀਪਲ ਵੇਦ ਵਰਤ ਪਲਾਹ ਦੀ ਬੀਤੀ ਸ਼ਾਮ ਬਲੱਡ ਪ੍ਰੈਸ਼ਰ ਘਟਣ ਕਾਰਨ ਸਿਹਤ ਵਿਗੜ ਗਈ ਸੀ ,ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਉਣਾ ਪਿਆ। ਹਸਪਤਾਲ ਵਿੱਚੋਂ ਛੁੱਟੀ ਮਿਲਣ ਉਪਰੰਤ ਉਹ ਦੁਬਾਰਾ ਫਿਰ ਸਕੂਲ ਦੇ ਅਹਾਤੇ ਵਿੱਚ ਭੁੱਖ ਹੜਤਾਲ ’ਤੇ ਬੈਠ ਗਏ। ਇਸੇ ਦੌਰਾਨ ਅਧਿਆਪਕ ਵਰਿੰਦਰ ਸਿੰਘ, ਪ੍ਰਦੀਪ ਕੋਚ, ਲਵਪ੍ਰੀਤ ਸਿੰਘ, ਨੇਹਾ ਗਰਗ, ਸ਼ਰਨ ਕੌਰ, ਪ੍ਰਦੀਪ ਕੁਮਾਰੀ, ਨਵਜੋਤ ਸਿੰਘ, ਰਛਪਾਲ ਸਿੰਘ, ਰਵੀਨਾ ਬਾਂਸਲ, ਪੂਜਾ ਰਾਣੀ, ਆਰਤੀ ਗਰਗ, ਕਿਰਨ, ਰਮਨ ਸ਼ਰਮਾ, ਸ਼ਗਨਪ੍ਰੀਤ ਕੌਰ, ਸਲੀਮ ਮੁਹੰਮਦ ,ਅਜੀਤਪਾਲ ਸਿੰਘ ਅਤੇ ਭਗਵੰਤ ਸਿੰਘ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਅਧਿਆਪਕਾਂ ਨਾਲ ਕੀਤੇ ਵਾਅਦੇ ਅਨੁਸਾਰ 1 ਜੂਨ 2021 ਤੋਂ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਇੰਕਰੀਮੈਂਟ ਲਗਾਇਆ ਜਾਣਾ ਸੀ ਅਤੇ ਕੁੱਝ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਵੀ ਕੀਤੀਆਂ ਜਾਣੀਆਂ ਸਨ, ਜਿਸ ਸਬੰਧੀ ਮੈਨੇਜਮੈਂਟ ਵੱਲੋਂ ਲਿਖਤੀ ਲੈਟਰ ਵੀ ਜਾਰੀ ਕਰ ਦਿੱਤੇ ਗਏ ਸਨ ਪਰ ਮੈਨੇਜਮੈਂਟ ਵੱਲੋਂ ਇਸ ਸਬੰਧੀ ਟਾਲਮਟੋਲ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ।
ਇਸ ਸਬੰਧੀ ਮੈਨੇਜਮੈਂਟ ਦੇ ਅਕੈਡਮਿਕ ਇੰਚਾਰਜ ਹਰੀਸ਼ ਰਾਵਲ ਨੇ ਦੱਸਿਆ ਕਿ ਮੈਨੇਜਮੈਟ ਵੱਲੋਂ ਕਾਰਗੁਜ਼ਾਰੀ ਦੇ ਆਧਾਰ ’ਤੇ ਇੰਕਰੀਮੈਂਟ ਦਿੱਤੀ ਜਾਵੇਗੀ ਅਤੇ ਰੈਸ਼ਨਲਾਈਜੇਸ਼ਨ ਕਾਰਨ ਬਦਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਿਸੇ ਅਧਿਆਪਕ ਦੀ ਤਨਖਾਹ ਨਹੀਂ ਰੋਕੀ ਗਈ। ਸਟਾਫ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ।