ਦਲਬੀਰ ਸੱਖੋਵਾਲੀਆ
ਬਟਾਲਾ, 4 ਫਰਵਰੀ
ਵਿਧਾਨ ਸਭਾ ਹਲਕਾ ਬਟਾਲਾ ਵਿੱਚੋਂ ਲੰਘੇ 54 ਸਾਲਾਂ ਤੋਂ ਸੂਬੇ ਦੀਆਂ ਵੱਖ ਵੱਖ ਸਰਕਾਰਾਂ ਬਣਨ ’ਤੇ ਕੋਈ ਕੈਬਨਿਟ ਮੰਤਰੀ ਨਹੀਂ ਬਣਿਆ। 1962 ਵਿੱਚ ਇੱਥੋਂ ਦੇ ਵਿਧਾਇਕ ਰਹੇ ਪੰਡਤ ਮੋਹਨ ਲਾਲ ਹੀ ਕੈਬਨਿਟ ਮੰਤਰੀ ਰਹੇ ਸਨ ਪਰ ਉਸ ਤੋਂ ਬਾਅਦ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਹਲਕੇ ਤੋਂ ਬਣੇ ਵਿਧਾਇਕ ਨੂੰ ਕਦੇ ਕੈਬਨਿਟ ਵਿਚ ਨਹੀਂ ਲਿਆ। ਰੌਚਕ ਤੱਥ ਹੈ ਕਿ ਹਲਕਾ ਬਟਾਲਾ ਨਾਲ ਲੱਗਦੇ ਹਲਕੇ ਸ੍ਰੀ ਹਰਗੋਬਿੰਦਪੁਰ, ਫਤਹਿਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਕਾਦੀਆਂ ਤੋਂ ਵਿਧਾਇਕ ਬਣਨ ਵਾਲਿਆਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਵਿੱਚ ਜਿੱਥੇ ਕੈਬਨਿਟ ਮੰਤਰੀ ਬਣਾਇਆ ਗਿਆ ਤੇ ਕਈਆਂ ਨੂੰ ਵਧੀਆ ਅਹੁਦੇ ਵੀ ਦਿੱਤੇ ਗਏ। ਇਥੋਂ 2002-2007 ਦੀ ਸਰਕਾਰ ਵੇਲੇ ਅਸ਼ਵਨੀ ਸੇਖੜੀ ਨੂੰ ਰਾਜ ਮੰਤਰੀ ਦਾ ਆਜ਼ਾਦ ਚਾਰਜ ਦਿੱਤਾ ਗਿਆ ਸੀ। ਫਤਹਿਗੜ੍ਹ ਚੂੜੀਆਂ ਦੇ ਰਹਿਣ ਵਾਲੇ ਪੰਡਤ ਮੋਹਨ ਲਾਲ ਨੇ 1962 ਵਿੱਚ ਹਲਕਾ ਬਟਾਲਾ ਤੋਂ ਚੋਣ ਲੜੀ ਅਤੇ ਉਹ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣੇ। ਉਨ੍ਹਾਂ ਕੋਲ ਗ੍ਰਹਿ, ਵਿੱਤ ਅਤੇ ਸਿੱਖਿਆ ਵਿਭਾਗ ਸੀ। ਉਨ੍ਹਾਂ ਕੈਬਨਿਟ ਮੰਤਰੀ ਬਣਨ ’ਤੇ ਬਟਾਲਾ ਵਿੱਚ ਯਾਦਗਾਰੀ ਕੰਮ ਕੀਤੇ ਤੇ ਸਰਕਾਰੀ ਤਕਨੀਕੀ ਕਾਲਜ, ਆਈਟੀਆਈ, ਸਰਕਾਰੀ ਸ਼ੂਗਰ ਮਿੱਲ ਉਨ੍ਹਾਂ ਦੀ ਦੇਣ ਹੈ। ਉਂਜ 1977 ’ਚ ਬਟਾਲਾ ਤੋਂ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਪੰਨਾ ਲਾਲ ਨਾਇਰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਡਿਪਟੀ ਸਪੀਕਰ ਰਹੇ। ਇਸੇ ਤਰ੍ਹਾਂ 2002 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਅਸ਼ਵਨੀ ਸੇਖੜੀ ਸੈਰ ਸਪਾਟਾ ਅਤੇ ਸਭਿਆਚਾਰ ਵਿਭਾਗ ਦੇ ਰਾਜ ਮੰਤਰੀ ਬਣੇ ਸਨ। ਜਦੋਂ ਕਿ 2007 ’ਚ ਭਾਜਪਾ ਦੀ ਟਿਕਟ ’ਤੇ ਚੋਣ ਜਿੱਤ ਕੇ ਵਿਧਾਇਕ ਬਣੇ ਜਗਦੀਸ਼ ਰਾਜ ਸਾਹਨੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਚੀਫ ਪਾਰਲੀਮਾਨੀ ਸਕੱਤਰ ਬਣੇ। ਬਟਾਲਾ ਨੇੜਲੇ ਹਲਕਾ ਕਾਦੀਆਂ ਤੋਂ ਸਤਨਾਮ ਸਿੰਘ ਬਾਜਵਾ ਅਤੇ ਉਸ ਦੇ ਪੁੱਤਰ ਪ੍ਰਤਾਪ ਸਿੰਘ ਬਾਜਵਾ ਕੈਬਨਿਟ ਮੰਤਰੀ ਰਹੇ। ਇਸੇ ਤਰ੍ਹਾਂ ਹਲਕਾ ਸ੍ਰੀਹਰਗੋਬਿੰਦਪੁਰ ਤੋਂ ਕੈਪਟਨ ਬਲਬੀਰ ਸਿੰਘ ਬਾਠ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਫਤਹਿਗੜ੍ਹ ਚੂੜੀਆਂ ਤੋਂ ਨਿਰਮਲ ਸਿੰਘ ਕਾਹਲੋਂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ ਬਣੇ। ਪੰਡਤ ਮੋਹਨ ਲਾਲ ਦਾ ਸਾਲ 1999 ’ਚ ਦੇਹਾਂਤ ਹੋ ਗਿਆ ਸੀ ਪਰ ਉਨ੍ਹਾਂ ਦੀ ਸਾਦਗੀ ਦੀਆਂ ਗੱਲਾਂ ਅੱਜ ਵੀ ਬਟਾਲਾ ਦੇ ਬਜ਼ੁਰਗ ਕਰਦੇ ਹਨ ਕਿ ਕਿਵੇਂ ਪੰਡਤ ਜੀ ਵਿਧਾਇਕ ਹੁੰਦਿਆਂ ਹੋਇਆਂ ਵੀ ਬੱਸ ’ਚ ਸਫ਼ਰ ਕਰਦੇ ਸਨ।