ਯੈਂਗੋਨ, 13 ਨਵੰਬਰ
ਮਿਆਂਮਾਰ ਵਿਚ ਆਂਗ ਸਾਨ ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ ਨੇ ਦੂਜੀ ਵਾਰ ਸੱਤਾ ’ਚ ਪਰਤਣ ਲਈ ਲੋੜੀਂਦੀਆਂ ਸੀਟਾਂ ਜਿੱਤ ਲਈਆਂ ਹਨ। ਪਾਰਟੀ ਕੋਲ ਹੋਰ ਪੰਜ ਸਾਲ ਸਰਕਾਰ ਚਲਾਉਣ ਲਈ ਸੰਸਦ ਵਿਚ 346 ਸੀਟਾਂ ਹਨ ਜਦਕਿ ਬਹੁਮਤ ਲਈ 322 ਲੋੜੀਂਦੀਆਂ ਹਨ।
ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ਉਤੇ ਨਤੀਜੇ ਐਲਾਨ ਦਿੱਤੇ ਹਨ। 346 ਸੀਟਾਂ ਪਾਰਟੀ ਨੇ ਉਪਰਲੇ ਤੇ ਹੇਠਲੇ ਸਦਨ ਵਿਚ ਜਿੱਤੀਆਂ ਹਨ। ਕੇਂਦਰੀ ਚੋਣ ਕਮਿਸ਼ਨ ਨੇ ਅੱਜ ਇਸ ਬਾਰੇ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਉਤੇ ਐਲਾਨ ਕੀਤਾ ਹੈ। ਐਤਵਾਰ ਨੂੰ ਹੋਈਆਂ ਚੋਣਾਂ ਤੋਂ ਬਾਅਦ ਅਜੇ ਕਈ ਸੀਟਾਂ ਬਾਰੇ ਐਲਾਨ ਕੀਤਾ ਜਾਣਾ ਬਾਕੀ ਵੀ ਹੈ। ਫ਼ੌਜ ਦੀ ਹਮਾਇਤ ਪ੍ਰਾਪਤ ਪਾਰਟੀ ਤੇ ਮੁੱਖ ਵਿਰੋਧੀ ਧਿਰ ਯੂਐੱਸਡੀਪੀ ਨੇ 25 ਸੀਟਾਂ ਜਿੱਤੀਆਂ ਹਨ। ਸੂ ਕੀ ਦੀ ਪਾਰਟੀ ਐਨਐੱਲਡੀ ਕੋਲ ਬਹੁਮਤ ਹੋਣ ਦੇ ਬਾਵਜੂਦ ਸਰਕਾਰ ਦਾ ਪੂਰਾ ਕੰਟਰੋਲ ਨਹੀਂ ਹੈ। ਫ਼ੌਜ ਵੱਲੋਂ 2008 ਵਿਚ ਬਣਾਏ ਸੰਵਿਧਾਨ ਵਿਚ ਕੁੱਲ ਸੀਟਾਂ ’ਚੋਂ 25 ਫ਼ੀਸਦ ਫ਼ੌਜ ਲਈ ਰਾਖ਼ਵੀਆਂ ਰੱਖੀਆਂ ਗਈਆਂ ਹਨ ਜੋ ਕਿ ਸੰਵਿਧਾਨਕ ਤਬਦੀਲੀਆਂ ਨੂੰ ਰੋਕਣ ਲਈ ਕਾਫ਼ੀ ਹਨ। ਮੰਤਰੀ ਪੱਧਰ ਦੀਆਂ ਕਈ ਨਿਯੁਕਤੀਆਂ ਵੀ ਫ਼ੌਜ ਕਰਦੀ ਹੈ।
ਯੂਐੱਸਡੀਪੀ ਨੇ ਨਤੀਜਿਆਂ ਨੂੰ ਪੱਖਪਾਤੀ ਦੱਸ ਕੇ ਮੰਨਣ ਤੋਂ ਇਨਕਾਰ ਕੀਤਾ ਸੀ ਪਰ ਇਹ ਦਾਅਵਾ ਚੋਣ ਕਮਿਸ਼ਨ ਨੇ ਖਾਰਜ ਕਰ ਦਿੱਤਾ ਹੈ। ਕੁਝ ਮਨੁੱਖੀ ਹੱਕ ਸੰਗਠਨਾਂ ਨੇ ਮੁਸਲਿਮ ਰੋਹਿੰਗੀਆ ਘੱਟ ਗਿਣਤੀਆਂ ਦੀਆਂ ਵੋਟਾਂ ਕੱਟਣ ਦੀ ਨਿਖੇਧੀ ਕੀਤੀ ਹੈ। ਚੋਣ ਕਮਿਸ਼ਨ ਨੇ ਵੋਟਾਂ ਕੱਟਣ ਲਈ ਸਰਕਾਰ ਤੇ ਘੱਟ ਗਿਣਤੀ ਗੁਰੀਲਾ ਗਰੁੱਪਾਂ ਵਿਚਾਲੇ ਜਾਰੀ ਲੜਾਈ ਦਾ ਹਵਾਲਾ ਦਿੱਤਾ ਹੈ ਪਰ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਇਸ ਲਈ ਕੱਟੀਆਂ ਗਈਆਂ ਹਨ ਕਿਉਂਕਿ ਉੱਥੇ ਲੋਕਾਂ ਨੇ ਉਹ ਮੈਂਬਰ ਚੁਣਨੇ ਸਨ ਜੋ ਸਰਕਾਰ ਦੇ ਖ਼ਿਲਾਫ਼ ਹਨ।
-ਏਪੀ