ਪਵਨ ਗੋਇਲ
ਭੁੱਚੋ ਮੰਡੀ, 2 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਵਿੱਚ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 13 ਪਰਿਵਾਰ ਤਰਸ ਦੇ ਆਧਾਰ ’ਤੇ ਮਿਲਣ ਵਾਲੀ ਸਰਕਾਰੀ ਨੌਕਰੀ ਲਈ ਲਗਭਗ ਇੱਕ ਸਾਲ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੋਇਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਲੋੜੀਂਦੇ ਦ ਸਾਰੇ ਦਸਤਾਵੇਜ਼ ਵੀ ਜੁਲਾਈ ਮਹੀਨੇ ਵਿੱਚ ਪੂਰੇ ਕਰ ਲਏ ਸਨ ਪਰ ਇਸ ਦੇ ਬਾਵਜੂਦ ਹਾਲੇ ਤੱਕ ਕਿਸੇ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ। ਸਰਕਾਰ ਦੀ ਇਸ ਅਣਦੇਖੀ ਕਾਰਨ ਪੀੜਤ ਪਰਿਵਾਰ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਹੋਰ ਜ਼ਿਲ੍ਹਿਆਂ ਵਿੱਚ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਪਿੰਡ ਤੁੰਗਵਾਲੀ ਦੇ ਬਜ਼ੁਰਗ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦਸੰਬਰ 2020 ਨੂੰ ਟਿਕਰੀ ਬਾਰਡਰ ’ਤੇ ਸ਼ਹੀਦ ਹੋ ਗਿਆ ਸੀ। ਉਸ ਦੀ ਵਿਧਵਾ ਪਤਨੀ ਕੁਲਵਿੰਦਰ ਕੌਰ ਨੇ ਆਪਣੀਆਂ ਦੋ ਬੇਟੀਆਂ ਅਤੇ ਛੋਟੇ ਪੁੱਤਰ ਦੇ ਪਾਲਣ-ਪੋਸ਼ਣ ਲਈ ਨੌਕਰੀ ਕਰਨ ਖਾਤਰ ਡੀਸੀ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ। ਅਧਿਕਾਰੀਆਂ ਨੇ ਕੁਲਵਿੰਦਰ ਕੌਰ ਸਮੇਤ ਜ਼ਿਲ੍ਹੇ ਦੇ ਵੱਖ- ਵੱਖ ਪਿੰਡਾਂ ਦੀਆਂ ਤਿੰਨ ਔਰਤਾਂ ਅਤੇ ਸ਼ਹੀਦ ਕਿਸਾਨਾਂ ਦੇ 10 ਬੱਚਿਆਂ ਨੂੰ ਡੀਸੀ ਦਫ਼ਤਰ ਵਿੱਚ ਦਰਜਾ ਚਾਰ ਮੁਲਾਜ਼ਮਾਂ ਵਜੋਂ ਨੌਕਰੀ ਦੇਣ ਦੀ ਹਾਮੀ ਭਰੀ ਸੀ ਅਤੇ ਜੁਲਾਈ ਵਿੱਚ ਸਾਰੇ ਦਸਤਾਵੇਜ਼ ਪੂਰੇ ਕਰ ਕੇ ਸਤੰਬਰ ਵਿੱਚ ਫੋਟੋਆਂ ਆਦਿ ਖਿੱਚ ਕੇ ਆਖਰੀ ਪ੍ਰਕਿਰਿਆ ਵੀ ਪੂਰੀ ਕਰ ਲਈ ਸੀ। ਇਸ ਤੋਂ ਬਾਅਦ ਇਨ੍ਹਾਂ 13 ਜਣਿਆਂ ਨੂੰ 20 ਸਤੰਬਰ 2021 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਰਨਾਲਾ ਫੇਰੀ ਮੌਕੇ ਲੈ ਕੇ ਜਾਣਾ ਸੀ ਪਰ ਕੈਪਟਨ ਵੱਲੋਂ 18 ਸਤੰਬਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਨੌਕਰੀਆਂ ਦੇਣ ਦਾ ਕੰਮ ਠੰਢੇ ਬਸਤੇ ਵਿੱਚ ਪੈ ਗਿਆ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਜਲਦੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਣ।