ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਕਤੂਬਰ
ਸੌ ਸਾਲ ਪਹਿਲਾਂ ਹਰਿਮੰਦਰ ਸਾਹਿਬ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਭਲਕੇ 12 ਅਕਤੂਬਰ ਨੂੰ ਦਲਿਤ ਅਤੇ ਮਨਿਓਰਿਟੀ ਆਰਗੇਨਾਈਜੇਸ਼ਨ ਵੱਲੋਂ ‘ਦਲਿਤ ਮੁੜ-ਪ੍ਰਵੇਸ਼ ਸ਼ਤਾਬਦੀ ਦਰਬਾਰ ਸਾਹਿਬ’ ਮਨਾਉਂਦੇ ਹੋਏ ਦਰਬਾਰ ਸਾਹਿਬ ਵਿਚ ਕੜਾਹ ਪ੍ਰਸਾਦਿ ਦੀ ਦੇਗ ਕਰਾਈ ਜਾਵੇਗੀ ਅਤੇ ਅਕਾਲ ਤਖ਼ਤ ਸਾਹਿਬ ਵਿਚ ਅਰਦਾਸ ਕੀਤੀ ਜਾਵੇਗੀ।
ਇਕ ਸਦੀ ਪਹਿਲਾਂ ਜਦੋਂ ਸ੍ਰੀ ਦਰਬਾਰ ਸਾਹਿਬ ’ਤੇ ਮਹੰਤਾਂ ਦਾ ਕਬਜ਼ਾ ਸੀ ਤਾਂ ਉਸ ਵੇਲੇ ਸਿੱਖ ਸਮਾਜ ਨਾਲ ਸਬੰਧਿਤ ਦਲਿਤ ਭਾਈਚਾਰੇ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਣ, ਅਰਦਾਸ ਕਰਨ ਅਤੇ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। 12 ਅਕਤੂਬਰ 1920 ਨੂੰ ਦਲਿਤ ਭਾਈਚਾਰਾ ਅਤੇ ਸਿੱਖ ਆਗੂ ਇਕੱਠੇ ਹੋ ਕੇ ਦਰਬਾਰ ਸਾਹਿਬ ਗਏ, ਜਿੱਥੇ ਕਾਬਜ਼ ਮਹੰਤਾਂ ਨਾਲ ਹੋਈ ਬਹਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਹੁਕਮਨਾਮੇ ਦੇ ਆਧਾਰ ’ਤੇ ਦਲਿਤ ਭਾਈਚਾਰੇ ਦੇ ਸਿੱਖਾਂ ਦੀ ਕੜਾਹ ਪ੍ਰਸਾਦਿ ਦੀ ਦੇਗ ਪ੍ਰਵਾਨ ਕੀਤੀ ਗਈ ਅਤੇ ਅਕਾਲ ਤਖ਼ਤ ’ਤੇ ਵੀ ਅਰਦਾਸ ਕੀਤੀ ਗਈ। ਇਹ ਘਟਨਾ ਨੇ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਦਾ ਮੁੱਢ ਬੰਨ੍ਹਿਆ ਸੀ।ਦਲਿਤ ਅਤੇ ਮਨਿਊਰਿਟੀ ਆਰਗੇਨਾਈਜੇਸ਼ਨ ਦੇ ਆਗੂ ਡਾ. ਭੁਪਿੰਦਰ ਸਿੰਘ ਮੱਟੂ ਨੇ ਦੱਸਿਆ ਕਿ ਇਸ ਘਟਨਾ ਦੀ ਸ਼ਤਾਬਦੀ ਦਾ ਸਮਾਗਮ ਭਲਕੇ 12 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਭਾਈ ਗੁਰਦਾਸ ਹਾਲ ਵਿਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਵੇਗਾ। ਮਗਰੋਂ ਹਜੂਰੀ ਰਾਗੀ ਜਥੇ ਗੁਰਬਾਣੀ ਦਾ ਕੀਰਤਨ ਕਰਨਗੇ ਅਤੇ ਬੁੱਧੀਜੀਵੀਆਂ ਵੱਲੋਂ ਇਤਿਹਾਸਕ ਘਟਨਾ ’ਤੇ ਚਾਨਣਾ ਪਾਇਆ ਜਾਵੇਗਾ। ਲਗਪਗ ਇਕ ਵਜੇ ਸੰਗਤ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਜਾਵੇਗੀ, ਜਿੱਥੇ ਕੜਾਹ ਪ੍ਰਸਾਦਿ ਦੀ ਦੇਗ ਕਰਾਈ ਜਾਵੇਗੀ ਅਤੇ ਸ੍ਰੀ ਅਕਾਲ ਤਖ਼ਤ ਵਿਚ ਅਰਦਾਸ ਕੀਤੀ ਜਾਵੇਗੀ। ਇਸ ਸਬੰਧੀ ਜਥੇਬੰਦੀ ਨੇ ਇਕ ਕਿਤਾਬਚਾ ਵੀ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਮੰਗਾਂ ਸਣੇ ਸੌ ਸਾਲ ਪਹਿਲਾਂ ਵਾਪਰੀ ਘਟਨਾ ਦਾ ਵੀ ਜ਼ਿਕਰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਉਸ ਵੇਲੇ ਇੱਥੇ ਮਹੰਤਾਂ ਵੱਲੋਂ ਸ਼ੁਰੂ ਵਰਤਾਰੇ ਨੂੰ ਨੱਥ ਪਾਉਣ ਲਈ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ 10-12 ਅਕਤੂਬਰ 1920 ਨੂੰ ਜੱਲ੍ਹਿਆਂਵਾਲਾ ਬਾਗ਼ ਵਿਚ ਇਕੱਠ ਕੀਤਾ ਤੇ 12 ਅਕਤੂਬਰ ਨੂੰ ਸੰਗਤ ਤੇ ਮਹੰਤਾਂ ਦੀ ਬਹਿਸ ਮਗਰੋਂ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖ ਸੰਗਤ ਕੋਲ ਆ ਗਿਆ ਸੀ।
ਸਮਾਗਮ ਲਈ ਚੰਡੀਗੜ੍ਹ ਤੋਂ ਬੱਸ ਹੋਵੇਗੀ ਰਵਾਨਾ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਦਲਿਤ ਭਾਈਚਾਰੇ ਦੇ ਸ੍ਰੀ ਦਰਬਾਰ ਸਾਹਿਬ ਵਿਚ ਖੁੱਲ੍ਹੇ ਦਰਸ਼ਨ ਕਰਨ ਦੀ ਸੌ ਸਾਲ ਪਹਿਲਾਂ ਮਿਲੀ ਰਸਮੀ ਖੁੱਲ੍ਹ ਸਬੰਧੀ ਦਲਿਤ ਅਤੇ ਘੱਟ ਗਿਣਤੀ ਸੰਸਥਾ ਵੱਲੋਂ ਅੰਮ੍ਰਿਤਸਰ ਵਿਖੇ ਭਲਕੇ 12 ਅਕਤੂਬਰ ਨੂੰ ਕਰਵਾਏ ਜਾ ਰਹੇ ਯਾਦਗਾਰੀ ਸਮਾਗਮ ਵਿਚ ਹਿੱਸਾ ਲੈਣ ਲਈ ਚੰਡੀਗੜ੍ਹ ਤੋਂ ਵੀ ਬੱਸ ਰਵਾਨਾ ਹੋਵੇਗੀ। ਕੇਂਦਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਇਹ ਬੱਸ ਸੈਕਟਰ-28 ਕੇਂਦਰੀ ਸਿੰਘ ਸਭਾ ਤੋਂ ਸਵੇਰੇ 5.30 ਵਜੇ ਰਵਾਨਾ ਹੋਵੇਗੀ।