ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਮਾਰਚ
ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨਾਲ ਬਤੌਰ ਗੰਨਮੈਨ ਤਾਇਨਾਤ ਪੰਜਾਬ ਪੁਲੀਸ ਦੇ ਸੁਰੱਖਿਆ ਮੁਲਾਜ਼ਮ ਜੋਗਿੰਦਰ ਸਿੰਘ ਦੀ ਅੱਜ ਸਵੇਰੇ ਸ਼ੱਕੀ ਹਾਲਤ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲੀਸ ਨੇ ਜਾਂਚ ਮਗਰੋਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਥਿਆਰ ਸਾਫ਼ ਕਰਦਿਆਂ ਗੋਲੀ ਚੱਲਣ ਕਾਰਨ ਜੋਗਿੰਦਰ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਬੀਤੇ ਤਿੰਨ ਮਹੀਨਿਆਂ ਤੋਂ ਅਨਿਲ ਸਰੀਨ ਦੀ ਸੁਰੱਖਿਆ ’ਚ ਤਾਇਨਾਤ ਸੀ। ਉਹ ਉਨ੍ਹਾਂ ਦੇ ਘਰ ਡਰਾਈਵਰ ਅਸ਼ੋਕ ਕੁਮਾਰ ਨਾਲ ਕਮਰੇ ’ਚ ਰਹਿੰਦਾ ਸੀ। ਸ਼ਨਿਚਰਵਾਰ ਸਵੇਰੇ ਜੋਗਿੰਦਰ ਜਲਦੀ ਉੱਠ ਕੇ ਆਪਣਾ ਹਥਿਆਰ ਸਾਫ਼ ਕਰਨ ਲੱਗਿਆ। ਹਥਿਆਰ ਸਾਫ਼ ਕਰਦੇ ਹੋਏ ਗੋਲੀ ਚੱਲ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।