ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਸਤੰਬਰ
ਕੈਪਟਨ ਸਰਕਾਰ ਦੀ ‘ਘਰ ਘਰ ਰੁਜ਼ਗਾਰ’ ਮੁਹਿੰਮ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਵਿਭਾਗ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਬਾਘਾਪੁਰਾਣਾ ਬੀਡੀਪੀਓ ਦਫ਼ਤਰ ਵਿੱਚ ਲਗਾਇਆ ਗਿਆ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਮਜ਼ਾਕ ਸਾਬਤ ਹੋਇਆ। ਇਸ ਦੌਰਾਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 16 ਕੰਪਨੀਆਂ ਦੀ ਸੂਚੀ ਦਾ ਬੋਰਡ ਲਗਾਇਆ ਗਿਆ ਸੀ ਪਰ ਬੇਰੁਜ਼ਗਾਰਾਂ ਕੋਲੋਂ ਸਿਖਲਾਈ ਕੋਰਸ ਦੇ ਨਾਂ ’ਤੇ ਪੰਜ-ਪੰਜ ਹਜ਼ਾਰ ਰੁਪਏ ਮੰਗੇ ਗਏ।
ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ। ਵੱਡੀ ਗਿਣਤੀ ’ਚ ਬੇਰੁਜ਼ਗਾਰ ਨੌਜਵਾਨ ਤੇ ਮੁਟਿਆਰਾਂ ਇਸ ਮੇਲੇ ’ਚ ਆਏ, ਜੋ ਅੱਕ-ਥੱਕ ਕੇ ਆਪੋ-ਆਪਣੇ ਘਰਾਂ ਨੂੰ ਪਰਤ ਗਏ। ਰੁਜ਼ਗਾਰ ਮੇਲੇ ਤੋਂ ਮੁੜੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕੰਪਨੀ ਨੇ ਕਰੀਬ 15 ਦਿਨ ਦੇ ਸਿਖਲਾਈ ਕੋਰਸ ਅਤੇ ਵਰਦੀ ਦੇ ਖਰਚੇ ਲਈ ਪਹਿਲਾਂ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਆਖਿਆ। ਉਨ੍ਹਾਂ ਆਖਿਆ ਕਿ ਉਨ੍ਹਾਂ ਮੌਕੇ ’ਤੇ ਹੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਨੌਜਵਾਨਾਂ ਅਨੁਸਾਰ ਉਹ ਦੂਰ-ਦੁਰਾਡੇ ਤੋਂ ਸਰਕਾਰੀ ਨੌਕਰੀ ਦੀ ਆਸ ਨਾਲ ਰੁਜ਼ਗਾਰ ਮੇਲੇ ਵਿੱਚ ਆਏ ਸਨ ਪਰ ਉਨ੍ਹਾਂ ਨੂੰ ਨਿੱਜੀ ਕੰਪਨੀਆਂ ਕੋਲ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਜੈਨਰੇਸ਼ਨ ਐਂਡ ਟ੍ਰੇਨਿੰਗ ਵਿਭਾਗ ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਇੱਕ ਕੰਪਨੀ ਵੱਲੋਂ ਪੰਜ ਹਜ਼ਾਰ ਰੁਪਏ ਮੰਗਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਇਹ ਰਾਸ਼ੀ ਸਿਖਲਾਈ ਕੋਰਸ ਅਤੇ ਵਰਦੀ ਆਦਿ ਲਈ ਮੰਗੀ ਜਾ ਰਹੀ ਹੈ ਪਰ ਉਨ੍ਹਾਂ ਇਸ ਬਾਰੇ ਪਹਿਲਾਂ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਸੀ। ਬੇਰੁਜ਼ਗਾਰ ਨੌਜਵਾਨਾਂ ਦੀ ਮਦਦ ਲਈ ਆਏ ਖੁਸ਼ਹਾਲੀ ਦੇ ਰਾਖੇ ਜੀਓਜੀ ਨੇ ਦੱਸਿਆ ਕਿ ਬੇਰੁਜ਼ਗਾਰਾਂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਪਰਮਿੰਦਰ ਕੌਰ ਨੇ ਦੱਸਿਆ ਕਿ ਮੇਲੇ ਵਿੱਚ 743 ਨੌਜਵਾਨਾਂ ਦੀ ਨੌਕਰੀਆਂ ਲਈ ਚੋਣ ਕੀਤੀ ਗਈ ਹੈ।