ਜੋਗਿੰਦਰ ਸਿੰਘ ਓਬਰਾਏ
ਖੰਨਾ, 20 ਫ਼ਰਵਰੀ
ਨਗਰ ਕੌਂਸਲ ਵਿਚ ਕਾਂਗਰਸ ਦੀ ਜਿੱਤ ਉਪਰੰਤ ਈ.ਵੀ.ਐੱਮ ’ਚ ਧਾਂਦਲੀ ਦੇ ਦੋਸ਼ਾਂ ਸਬੰਧੀ ਵਿਰੋਧੀ ਦਲ ਹੋਰ ਹਮਲਾਵਰ ਹੋ ਗਏ ਹਨ। ਇਸ ਸਬੰਧੀ ਅੱਜ ਇਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਨੇ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦਾ ਘਾਣ ਕੀਤਾ ਹੈ, ਸਾਢੇ ਚਾਰ ਸਾਲ ’ਚ ਪੰਜਾਬ ਤੇ ਖੰਨਾ ਦਾ ਸੱਤਿਆਨਾਸ ਕਰਨ ਉਪਰੰਤ ਕਾਂਗਰਸ ਦੀ ਇਹ ਜਿੱਤ ਲੋਕਾਂ ਦੇ ਗਲ਼ ਤੋਂ ਥੱਲੇ ਨਹੀਂ ਉੱਤਰ ਰਹੀ। ਉਨ੍ਹਾਂ ਕਿਹਾ ਕਿ ਹਮੇਸ਼ਾ ਤੋਂ ਹੀ ਵੋਟਾਂ ਵਾਲੇ ਦਿਨ ਹੀ ਗਿਣਤੀ ਹੁੰਦੀ ਰਹੀ ਹੈ, ਹੁਣ ਈਵੀਐੱਮ ਦੇ ਬਾਵਜੂਦ ਵੋਟਿੰਗ ਤੇ ਗਿਣਤੀ ਵਿਚਾਲੇ ਤਿੰਨ ਰਾਤਾਂ ਦਾ ਸਮਾਂ ਰੱਖਿਆ ਗਿਆ, ਜਿਸ ਦੌਰਾਨ ਧਾਂਦਲੀ ਕਰਕੇ ਆਪਣੇ ਹਾਰੇ ਹੋਏ ਉਮੀਦਵਾਰਾਂ ਨੂੰ ਕਾਂਗਰਸ ਜਿਤਾ ਕੇ ਲੈ ਗਈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਚੰਨੀ ਨੇ ਵੀ ਈਵੀਐੱਮ ਮਸ਼ੀਨਾਂ ’ਚ ਗੜਬੜੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਈਵੀਐਮ ਨੂੰ ਸਟਰੌਂਗ ਰੂਮ ’ਚ ਰੱਖਣ ਸਮੇਂ ਉਨ੍ਹਾਂ ਨੇ ਦੀਵਾਰ ਕਰਨ, ਤਾਲੇ ਦੀ ਸੀਲ ਤੇ ਦਸਤਖ਼ਤ ਕਰਵਾਉਣ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਰੱਖੀ ਸੀ ਪਰ ਪ੍ਰਸ਼ਾਸਨ ਨੇ ਉਸ ਨੂੰ ਠੁਕਰਾ ਦਿੱਤਾ। ਉਨ੍ਹਾਂ ਇਸ ਸਬੰਧੀ ਚੋਣ ਕਮਿਸ਼ਨ ਤੇ ਐੱਸਡੀਐੱਮ ਨੂੰ ਪੱਤਰ ਸੌਂਪਿਆ ਅਤੇ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਸਬੰਧੀ ਆਮ ਆਦਮੀ ਦੇ ਸੀਨੀਅਰ ਆਗੂ ਤਰੁਨਪ੍ਰੀਤ ਸੌਂਦ ਨੇ ਕਿਹਾ ਕਿ ਚੋਣਾਂ ’ਚ ਧਾਂਦਲੀ ਨਾਲ ਜਿੱਤ ਕੇ ਕਾਂਗਰਸ ਇਹ ਨਾ ਸਮਝੇ ਕਿ ਉਹ 2022 ਦੀ ਅਸੈਂਬਲੀ ਚੋਣਾਂ ਜਿੱਤ ਲੈਣਗੇ, ਲੋਕ ਇਸ ਧੋਖੇ ਦਾ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।