ਕਾਨਪੁਰ (ਯੂਪੀ), 20 ਜੁਲਾਈ
1984 ਸਿੱਖ ਵਿਰੋਧੀ ਦੰਗਿਆਂ ਵਿੱਚ ਸਮੂਹਕ ਹੱਤਿਆਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਪੰਜਾਂ ’ਤੇ ਇਮਾਰਤ ਨੂੰ ਅੱਗ ਲਾਉਣ ਦਾ ਦੋਸ਼ ਹੈ, ਜਿਸ ਵਿੱਚ ਤਿੰਨ ਵਿਅਕਤੀ ਜਿਊਂਦੇ ਸੜ ਗਏ ਸਨ। ਕਿਦਵਈ ਨਗਰ ਵਿੱਚ ਨਿਰਾਲਾ ਨਗਰ ਤੋਂ ਹੋਈਆਂ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਡੀਆਈਜੀ ਬਲੇਂਦੂ ਭੂਸ਼ਨ ਸਿੰਘ ਦੀ ਅਗਵਾਈ ਵਾਲੀ ‘ਸਿਟ’ ਨੇ ਹੁਣ ਤੱਕ ਕੁੱਲ 27 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਯੂਪੀ ਸਰਕਾਰ ਵੱਲੋਂ 27 ਮਈ 2019 ਨੂੰ ‘ਸਿਟ’ ਗਠਿਤ ਕੀਤੀ ਗਈ ਸੀ। ਵਿਸ਼ੇਸ਼ ਜਾਂਚ ਏਜੰਸੀ ਵੱਲੋਂ ਪਿਛਲੇ ਤਿੰਨ ਸਾਲਾਂ ਤੋਂ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਹੋਰ ਮਸ਼ਕੂਕਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਟੀਮ ਨੇ ਹੁਣ ਤੱਕ ਮੁੱਖ ਮਸ਼ਕੂਕਾਂ ਵਜੋਂ 96 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿਚੋਂ 23 ਦੀ ਮੌਤ ਹੋ ਚੁੱਕੀ ਹੈ। ਤਿੰਨ ਦਰਜਨ ਤੋਂ ਵਧ ਮਸ਼ਕੂਕਾਂ ਦੇ ਵੇਰਵੇ ਇਕੱਤਰ ਕੀਤੇ ਗਏ ਹਨ ਤੇ ਇਸ ਤੋਂ ਮਿਲੀ ਮਦਦ ਨਾਲ 27 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਪੰਜ ਵਿਅਕਤੀਆਂ ਦੀ ਪਛਾਣ ਅਨਿਲ ਕੁਮਾਰ ਪਾਂਡੇ (61), ਸ੍ਰੀਰਾਮ ਉਰਫ਼ ਬੱਗੜ (65), ਮੁਸਤਕੀਮ (70), ਅਬਦੁਲ ਵਹੀਦ (61) ਤੇ ਇਰਸ਼ਾਦ ਖ਼ਾਨ (60) ਸਾਰੇ ਵਾਸੀ ਕਿਦਵਈ ਨਗਰ ਵਜੋਂ ਦੱਸੀ ਗਈ ਹੈ। ਇਨ੍ਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। -ਪੀਟੀਆਈ