ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਸਮੇਂ ਦੌਰਾਨ ਦੀ ਐਤਵਾਰ ਦੀ ਆਖ਼ਰੀ ਛੁੱਟੀ ਹੋਣ ਕਰਕੇ ਉਮੀਦਵਾਰਾਂ ਨੇ ਵੋਟਰਾਂ ਤੱਕ ਪਹੁੰਚ ਕਰਨ ਤੇ ਆਪਣੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਪੂਰੀ ਵਾਹ ਲਾਈ। ਇਸ ਵਿਧਾਨ ਸਭਾ ਹਲਕੇ ਵਿੱਚ 23 ਜੂਨ ਨੂੰ ਵੋਟਾਂ ਪੈਣਗੀਆਂ।
ਇੱਥੇ ਸੱਤਾਧਾਰੀ ਧਿਰ ਵੱਲੋਂ ਦੁਰਗੇਸ਼ ਪਾਠਕ, ਭਾਜਪਾ ਵੱਲੋਂ ਰਾਜੇਸ਼ ਭਾਟੀਆ ਤੇ ਕਾਂਗਰਸ ਵੱਲੋਂ ਸ੍ਰੀਮਤੀ ਪ੍ਰੇਮ ਲਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੋਇਆ ਹੈ। ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਮੌਸਮ ਖੁਸ਼ਗਾਰ ਬਣਿਆ ਹੋਇਆ ਹੈ ਜਿਸ ਕਰਕੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਵਿੱਚ ਮੁਸ਼ਕਲਾਂ ਘੱਟ ਆ ਰਹੀਆਂ ਹਨ।
ਇਸ ਹਲਕੇ ਦੇ ਵਿਧਾਇਕ ਰਾਘਵ ਚੱਢਾ ਵੱਲੋਂ ਪੰਜਾਬ ਤੋਂ ਰਾਜ ਸਭਾ ਲਈ ਮੈਂਬਰ ਬਣਨ ਮਗਰੋਂ ਖਾਲੀ ਹੋਈ ਸੀਟ ਦੇ ਵੋਟਰਾਂ ਦੇ ਕਈ ਅਹਿਮ ਮੁੱਦੇ ਹਨ ਜੋ ਸਥਾਨਕ ਪ੍ਰਸ਼ਾਸਨ, ਨਿਗਮ ਤੇ ਦਿੱਲੀ ਸਰਕਾਰ ਨਾਲ ਜੁੜੇ ਹੋਏ ਹਨ। ਪਾਣੀ ਦੀ ਕਮੀ ਅਹਿਮ ਮੁੱਦਾ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ‘ਆਪ’ ਨੂੰ ਘੇਰ ਰਹੀਆਂ ਹਨ। ਰੇਲਵੇ ਫੁੱਟਓਵਰ ਬ੍ਰਿਜ, ਪਾਰਕਿੰਗ, ਬਾਜ਼ਾਰਾਂ ਦੀ ਮਾੜੀ ਹਾਲਤ ਤੇ ਇਸ ਹਲਕੇ ਵਿੱਚ ਪੈਂਦੇ ਪਿੰਡਾਂ ਅਤੇ ਸਨਅਤੀ ਇਲਾਕਿਆਂ ਦੀਆਂ ਸਮੱਸਿਆਵਾਂ ਹਨ। ਅੱਜ ਤਿੰਨਾਂ ਮੁੱਖ ਧਿਰਾਂ ਦੇ ਅਹਿਮ ਆਗੂਆਂ ਵੱਲੋਂ ਰੋਡ ਸ਼ੋਅ, ਨੁੱਕੜ ਬੈਠਕਾਂ ਤੇ ਮੁਹੱਲਿਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਪਾਰਟੀਆਂ ਵੱਲੋਂ ਆਪਣੇ ਕਾਰਕੁੰਨਾਂ ਨੂੰ ਪੋੋਲਿੰਗ ਤੋਂ ਪਹਿਲਾਂ ਦੀ ਸਿਖਲਾਈ ਵੀ ਨਾਲ ਹੀ ਦਿੱਤੀ ਜਾ ਰਹੀ ਹੈ।