ਹਰਪ੍ਰੀਤ ਕੌਰ
ਹੁਸ਼ਿਆਰਪੁਰ, 12 ਨਵੰਬਰ
ਇਥੋਂ ਦੇ ਨਗਰ ਨਿਗਮ ਦੇ ਆਊਟਸੋਰਸ ’ਤੇ ਕੰਮ ਕਰਦੇ ਟਿਊਬਵੈਲ ਅਪਰੇਟਰ, ਵਾਟਰ ਸਪਲਾਈ, ਸਫ਼ਾਈ ਕਰਮਚਾਰੀ, ਮਾਲੀ, ਬੇਲਦਾਰ, ਇਲੈਕਟ੍ਰੀਸ਼ਨ, ਡ੍ਰਾਈਵਰ, ਕਲਰਕ ਅਤੇ ਦਫ਼ਤਰੀ ਸਟਾਫ਼ ਨੇ ਤਨਖਾਹ ਵਿਚ ਕੀਤੀ ਕਟੌਤੀ ਦੇ ਵਿਰੋਧ ਵਿਚ ਅੱਜ ਨਿਗਮ ਦੇ ਦਫ਼ਤਰ ਬਾਹਰ ਕੁਲਵੰਤ ਸਿੰਘ ਸੈਣੀ ਅਤੇ ਰਾਜਾ ਹੰਸ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ। ਕਰਮਚਾਰੀਆਂ ਨੇ ਦੱਸਿਆ ਕਿ ਸਾਲ 2019-20 ਵਿਚ ਉਨ੍ਹਾਂ ਨੂੰ 8260 ਰੁਪਏ ਤਨਖਾਹ ਮਿਲਦੀ ਸੀ ਪਰ ਸਾਲ 2020-21 ਵਿਚ ਉਹ ਕੱਟ ਕੇ 7653 ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਅਤੇ ਨਿਗਮ ਦੇ ਅਧਿਕਾਰੀਆਂ ਵਲੋਂ ਕੱਟੀ ਗਈ ਤਨਖਾਹ ਦੀਵਾਲੀ ’ਤੇ ਬੋਨਸ ਦੇ ਰੂਪ ਵਿਚ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਵਲੋਂ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਹਾਇਕ ਕਮਿਸ਼ਨਰ ਲੇਬਰ ਨੂੰ ਲਿਖਿਆ ਗਿਆ ਸੀ ਜਿਸ ’ਤੇ ਸਹਾਇਕ ਕਮਿਸ਼ਨਰ ਵਲੋਂ ਨਿਗਮ ਦੇ ਸਬੰਧਤ ਅਧਿਕਾਰੀ ਨੂੰ ਪੱਤਰ ਜਾਰੀ ਕਰਕੇ ਲੇਬਰ ਦਫ਼ਤਰ ਵਿਖੇ ਹਾਜ਼ਿਰ ਹੋਣ ਲਈ ਕਿਹਾ ਗਿਆ ਪਰ ਉਹ ਹਾਜ਼ਿਰ ਨਹੀਂ ਹੋਏ।