ਪੱਤਰ ਪ੍ਰੇਰਕ
ਘਨੌਰ, 23 ਸਤੰਬਰ
ਸਦਰ ਪੁਲੀਸ ਨੇ ਨਕਲੀ ਬਿੱਲ ਬਣਾ ਕੇ ਜੀ.ਐੱਸ.ਟੀ. ਅਦਾ ਕੀਤੇ ਬਗੈਰ ਸਕਰੈਪ ਵੇਚਣ ਵਾਲੇ ਛੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।
ਥਾਣਾ ਸਦਰ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਰਾਜਪੁਰਾ-ਸਰਹਿੰਦ ਜੀ.ਟੀ ਰੋਡ ’ਤੇ ਨਾਕੇ ਦੌਰਾਨ ਜਦੋਂ ਉੱਥੋਂ ਲੰਘ ਰਹੇ ਚਾਰ ਟਰੱਕਾਂ ਦੀ ਜਾਂਚ ਕੀਤੀ ਤਾਂ ਇਨ੍ਹਾਂ ਟਰੱਕਾਂ ਵਿੱਚ ਸਕਰੈਪ ਭਰੀ ਹੋਈ ਸੀ। ਟਰੱਕ ਚਾਲਕਾਂ ਤੋਂ ਕਾਗਜ਼ ਮੰਗਣ ’ਤੇ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਬਿੱਲ ਨਕਲੀ ਪਾਏ ਗਏ।
ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਟਰੱਕਾਂ ਵਿੱਚ ਲਿਜਾਈ ਜਾ ਰਹੀ ਸਕਰੈਪ ’ਤੇ ਜੀ.ਐੱਸ.ਟੀ. ਅਦਾ ਨਹੀਂ ਕੀਤੀ ਗਈ ਜਿਸ ਨਾਲ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਹੋਇਆ ਹੈ। ਪੁਲੀਸ ਨੇ ਟਰੱਕਾਂ ਦੇ ਚਾਲਕਾਂ ਮੁਹੰਮਦ ਕਾਸਿਮ ਵਾਸੀ ਅਸਦਪੁਰ ਜ਼ਿਲ੍ਹਾ ਮੁਰਾਦਾਬਾਦ, ਸ਼ਰਾਫਤ ਅਲੀ ਵਾਸੀ ਸ਼ੇਰ ਨਗਰ ਜ਼ਿਲ੍ਹਾ ਮੁਜੱਫਰਨਗਰ, ਜੱਬਰ ਸਿੰਘ ਵਾਸੀ ਪਿੰਡ ਛਾਹੜ ਜ਼ਿਲ੍ਹਾ ਸੰਗਰੂਰ, ਸ਼ਾਹਿਦ ਅਲੀ ਵਾਸੀ ਆਗਵਾੜ ਨੀਲਕੰਠ ਜ਼ਿਲ੍ਹਾ ਸੰਗਰੂਰ, ਸੋਮਨਾਥ ਵਾਸੀ ਫਗਵਾੜਾ ਅਤੇ ਕੈਲਾਸ਼ ਵਾਸੀ ਜਲੰਧਰ ਖ਼ਿਲਾਫ਼ ਧੋਖਾਧੜੀ ਤੇ ਹੋਰਨਾਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।