ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਉਹ ਉੱਤਰ-ਪੂਰਬੀ ਦਿੱਲੀ ਵਿੱਚ ਸਾਲ 2020 ’ਚ ਹੋਏ ਦੰਗਿਆਂ ਤੇ ਕੁਝ ਆਗੂਆਂ ਵੱਲੋਂ ਕੀਤੀਆਂ ਕਥਿਤ ਨਫ਼ਰਤੀ ਤਕਰੀਰਾਂ, ਜੋ ਨਾਗਰਿਕਤਾ (ਸੋਧ) ਐਕਟ ਖਿਲਾਫ਼ ਧਰਨੇ ਪ੍ਰਦਰਸ਼ਨਾਂ ਦੇ ਪਿਛੋਕੜ ’ਚ ਹਿੰਸਾ ਦਾ ਕਾਰਨ ਬਣੀਆਂ, ਖ਼ਿਲਾਫ਼ ਦਾਇਰ ਪਟੀਸ਼ਨਾਂ ’ਤੇ 8 ਫਰਵਰੀ ਨੂੰ ਸੁਣਵਾਈ ਕਰੇਗੀ। ਪਟੀਸ਼ਨਾਂ ’ਤੇ ਪਹਿਲਾਂ ਚੀਫ਼ ਜਸਟਿਸ ਡੀ.ਐੱਨ.ਪਟੇਲ ਤੇ ਜਸਟਿਸ ਜਿਓਤੀ ਸਿੰਘ ਵੱਲੋਂ ਸੁਣਵਾਈ ਕੀਤੀ ਜਾ ਰਹੀ ਸੀ, ਪਰ ਹੁਣ ਇਨ੍ਹਾਂ ਨੂੰ ਜਸਟਿਸ ਸਿਧਾਰਥ ਮ੍ਰਿਦੁਲ ਤੇ ਜਸਟਿਸ ਅਨੂਪ ਜੈਰਾਮ ਭੰਬਾਨੀ ਦੇ ਬੈਂਚ ਵੱਲੋਂ ਸੁਣਿਆ ਜਾਵੇਗਾ। ਪਿਛਲੇ ਮਹੀਨੇ 28 ਜਨਵਰੀ ਨੂੰ ਜਾਰੀ ਪ੍ਰਸ਼ਾਸਨਿਕ ਹੁਕਮਾਂ ਵਿੱਚ ਪਟੀਸ਼ਨਾਂ ’ਤੇ ਸੁਣਵਾਈ ਦੂਜੇ ਬੈਂਚ ਨੂੰ ਤਬਦੀਲ ਕਰ ਦਿੱਤੀ ਗਈ ਸੀ। ਜਸਟਿਸ ਮ੍ਰਿਦੁਲ ਨੇ ਕਿਹਾ, ‘‘ਅਸੀਂ ਮੰਗਲਵਾਰ (8 ਫਰਵਰੀ) ਤੋਂ ਇਸ ’ਤੇ ਸੁਣਵਾਈ ਕਰਾਂਗੇ। ਜਿਹੜੇ ਮੁੱਦੇ ਖ਼ਤਮ ਹੋ ਚੁੱਕੇ ਹਨ ਤੇ ਜਿਹੜੇ ਅਜੇ ਵੀ ਸਜੀਵ ਹਨ ਉਨ੍ਹਾਂ ਨੂੰ ਸਮੇਟ ਕੇ ਸਾਨੂੰ ਦਿੱਤਾ ਜਾਵੇ।’’ -ਪੀਟੀਆਈ