ਨਵੀਂ ਦਿੱਲੀ (ਅਦਿਤੀ ਟੰਡਨ): ਕਰੋਨਾਵਾਇਰਸ ਤੋਂ ਬਚਾਉਣ ਲਈ ਸਵਦੇਸ਼ੀ ਵੈਕਸੀਨ ‘ਕੋਵੈਕਸੀਨ’ ਬਣਾਉਣ ਵਾਲੀ ਭਾਰਤ ਬਾਇਓਟੈੱਕ ਨੇ ਅੱਜ ਐਲਾਨ ਕੀਤਾ ਹੈ ਕਿ ਕੋਵੈਕਸੀਨ ਦੇ ਇਕ ਡੋਜ਼ ਦੀ ਕੀਮਤ ਰਾਜ ਸਰਕਾਰਾਂ ਲਈ 600 ਰੁਪਏ, ਨਿੱਜੀ ਹਸਪਤਾਲਾਂ ਲਈ 1200 ਰੁਪਏ ਅਤੇ ਪਹਿਲੀ ਮਈ ਤੋਂ 18 ਸਾਲ ਉਮਰ ਵਰਗ ਤੋਂ ਉੱਪਰ ਦੇ ਸਾਰੇ ਲੋਕਾਂ ਲਈ ਸ਼ੁਰੂ ਹੋ ਰਹੇ ਟੀਕਾਕਰਨ ਪ੍ਰੋਗਰਾਮ ਵਾਸਤੇ ਕੇਂਦਰ ਸਰਕਾਰ ਲਈ 150 ਰੁਪਏ ਤੈਅ ਕੀਤੀ ਗਈ ਹੈ। ਭਾਰਤ ਬਾਇਓਟੈੱਕ ਨੇ ਕਿਹਾ ਕਿ ਇਸ ਵੱਲੋਂ ਵੈਕਸੀਨ ਦੀ ਇਕ ਡੋਜ਼ 15-20 ਅਮਰੀਕੀ ਡਾਲਰ ਦੀ ਕੀਮਤ ’ਤੇ ਬਰਾਮਦ ਕੀਤੀ ਜਾਵੇਗੀ। ਕੋਵੀਸ਼ੀਲਡ ਨਾਂ ਦੀ ਵੈਕਸੀਨ ਬਣਾਉਣ ਵਾਲੀ ਭਾਰਤੀ ਸੀਰਮ ਸੰਸਥਾ ਵੱਲੋਂ ਐਲਾਨੀ ਗਈ ਪ੍ਰਤੀ ਡੋਜ਼ ਦੀ ਕੀਮਤ ਵਾਂਗ ਹੀ ਹੁਣ ਭਾਰਤ ਬਾਇਓਟੈੱਕ ਵੱਲੋਂ ਆਪਣੀ ਵੈਕਸੀਨ ਦੀਆਂ ਕੀਮਤਾਂ ਦਾ ਐਲਾਨ ਕੀਤਾ ਗਿਆ ਹੈ।