ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਕੁਲਦੀਪ ਕੌਰ ਕੁੱਸਾ ਤੇ ਬਠਿੰਡਾ ਜ਼ਿਲ੍ਹੇ ਦੀ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਕੌਰ ਕੌਰੜਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਬਣਨ ਤੋਂ ਪਹਿਲਾਂ ਵੀ ਸਾਡੀ ਹਾਲਤ ਬਹੁਤੀ ਚੰਗੀ ਨਹੀਂ ਸੀ ਕਿਉਂਕਿ ਜਦੋਂ ਤੋਂ ਪੰਜਾਬ ਸਮੇਤ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਨਾਂ ’ਤੇ ਮਾਡਲ ਲਾਗੂ ਕੀਤਾ ਗਿਆ, ਉਦੋਂ ਤੋਂ ਸਾਡੀਆਂ ਰਵਾਇਤੀ ਫ਼ਸਲਾਂ ਖ਼ਤਮ ਹੋਣੀਆਂ ਸ਼ੁਰੂ ਹੋ ਗਈਆਂ। ਰਵਾਇਤੀ ਫਸਲਾਂ ਦੇ ਮੁਕਾਬਲੇ ਕੰਪਨੀਆਂ ਨੇ ਆਪ ਦੀ ਲੁੱਟ ਵਧਾਉਣ ਲਈ ਝੋਨੇ ਦੀ ਖੇਤੀ ਕਰਵਾਉਣੀ ਸ਼ੁਰੂ ਕੀਤੀ, ਜਿਸ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ। ਇਸ ਕਾਰਨ ਪਾਣੀ ਦੀ ਖਪਤ ਵਧਣ ਨਾਲ ਮਹਿੰਗੇ ਟਿਊਬਵੈੱਲ ਅਤੇ ਸਮਬਰਸੀਬਲ ਮੋਟਰਾਂ ਦਾ ਪ੍ਰਬੰਧ ਕਰਨਾ ਪਿਆ, ਜਿਸ ਨਾਲ ਖੇਤੀ ਲਾਗਤ ਖਰਚੇ ਵਧਣੇ ਸ਼ੁਰੂ ਹੋ ਗਏ। ਫਸਲਾਂ ਤੇ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਕਾਰਨ ਬਿਮਾਰੀਆਂ ਵਿੱਚ ਵਾਧਾ ਹੋਇਆ। ਇਸ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਚਿੰਭੜ ਗਈਆਂ ਅਤੇ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਕਰਜ਼ੇ ਕਾਰਨ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋ ਗਿਆ। ਚਰਨਜੀਤ ਕੌਰ ਕੁੱਸਾ ਨੇ ਕਿਹਾ ਕਿ ਖੇਤੀ ਕਾਨੂੰਨ ਬਣਨ ਤੋਂ ਪਹਿਲਾਂ ਹੀ ਖੇਤੀ ਧੰਦਾ ਫੇਲ੍ਹ ਹੋ ਚੁੱਕਿਆ ਸੀ ਕਿਉਂਕਿ ਕਾਂਗਰਸ ਦੀ ਨਰਸਿਮ੍ਹਾ ਰਾਓ ਦੀ ਸਰਕਾਰ ਸਮੇਂ ਜੋ 1991 ਵਿੱਚ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਤਾਂ ਸਾਡੇ ਪੜ੍ਹੇ ਲਿਖੇ ਨੌਜਵਾਨਾਂ ਵਾਸਤੇ ਨਿੱਜੀਕਰਨ ਦੇ ਨਾਂ ’ਤੇ ਰੁਜ਼ਗਾਰ ਦੇ ਬੂਹੇ ਬੰਦ ਹੋਣ ਲੱਗੇ ਅਤੇ ਨੌਜਵਾਨ ਰੁਜ਼ਗਾਰ ਦੀ ਖਾਤਰ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਕੋਲੋਂ ਰੁਜ਼ਗਾਰ ਦੀ ਮੰਗ ਲਈ ਸੜਕਾਂ ਤੇ ਡਾਂਗਾਂ ਦੀ ਅੱਗ ਸੇਕਦੇ ਰਹੇ। ਪੜ੍ਹਾਈ ਦੇ ਖਰਚੇ ਵਧਣ ਕਾਰਨ ਅਤੇ ਰੁਜ਼ਗਾਰ ਨਾ ਮਿਲਣ ਕਰਕੇ ਕਿਸਾਨੀ ਦੇ ਸਿਰ ਕਰਜ਼ੇ ਦਾ ਸੰਕਟ ਵਧਣ ਲੱਗਾ ਅਤੇ ਹੁਣ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਲਿਆ ਕੇ ਜੋ ਥੋੜ੍ਹਾ ਜਿਹਾ ਵੀ ਰੋਟੀ ਦਾ ਜੁਗਾੜ ਸੀ, ਉਹ ਵੀ ਖੋਹਣ ਜਾ ਰਹੇ ਹਨ।