ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਫਰਵਰੀ
ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ ਕਾਲਾ ਝਾੜ ਟੌਲ ਪਲਾਜ਼ਾ ਤੇ ਹੋਈ, ਜਿਸ ਵਿੱਚ ਟੌਲ ਪਲਾਜ਼ਾ ਕਰਮਚਾਰੀਆਂ ਦੀਆਂ ਮੰਗਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਮੀਟਿੰਗ ਵਿੱਚ ਕਾਲਾਝਾੜ ਟੌਲ ਪਲਾਜ਼ਾ ਦੇ 60 ਦੇ ਕਰੀਬ ਕਰਮਚਾਰੀਆਂ ਨੂੰ 9 ਮਹੀਨਿਆਂ ਤੋਂ ਉਜ਼ਰਤਾਂ ਦੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਸੋਮਵਾਰ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪੀਆਈਯੂ ਦਫਤਰ ਪਟਿਆਲਾ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ। ਲੰਮੇ ਸਮੇਂ ਤੋਂ ਲਗਾਤਾਰ ਪਲਾਜ਼ਾ ਕਰਮਚਾਰੀਆਂ ਦੀਆਂ ਉਜਰਤਾਂ ਦੀ ਅਦਾਇਗੀ ਲਈ ਪ੍ਰਧਾਨ ਮੰਤਰੀ, ਕੇਂਦਰੀ ਰੋਡ ਐਂਡ ਟਰਾਂਸਪੋਰਟ ਮੰਤਰੀ, ਮੁੱਖ ਮੰਤਰੀ, ਕਿਰਤ ਵਿਭਾਗ, ਨੈਸ਼ਨਲ ਹਾਈਵੇ ਅਥਾਰਟੀ ਸਮੇਤ ਵੱਖ-ਵੱਖ ਅਦਾਰਿਆਂ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਸਬੰਧਤ ਅਥਾਰਟੀਆਂ ਵਲੋਂ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਰਮਚਾਰੀਆਂ ਦੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ, ਸਿੱਟੇ ਵਜੋਂ ਕਰਮਚਾਰੀਆਂ ਨੂੰ ਸੜਕਾਂ ਤੇ ਆਉਣਾ ਪਿਆ ਹੈ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ, ਟੌਲ ਪਲਾਜ਼ਾ ਪ੍ਰਧਾਨ ਦਵਿੰਦਰਪਾਲ ਸਿੰਘ, ਨਾਜ਼ਰ ਖਾਨ, ਗੁਰਧਿਆਨ ਸਿੰਘ, ਰਾਜਿੰਦਰ ਸਿੰਘ,ਨਾਜਮ ਸਿੰਘ, ਲਖਵਿੰਦਰ ਸਿੰਘ,ਨਾਜਰ ਸਿੰਘ,ਰੰਗੀ ਸਿੰਘ,ਜੀਤੀ ਸਿੰਘ ਸਮੇਤ ਹੋਰ ਕਰਮਚਾਰੀ ਹਾਜਰ ਸਨ।