ਲਖਵੀਰ ਸਿੰਘ ਚੀਮਾ
ਟੱਲੇਵਾਲ, 12 ਨਵੰਬਰ
ਪਿੰਡ ਦੀਵਾਨਾ ਦੇ ਖੇਡ ਮੈਦਾਨ ਵਲੋਂ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਖੇਡ ਮੈਦਾਨ ਦੀ ਪ੍ਰਬੰਧਕੀ ਕਮੇਟੀ ਦੀ ਅਗਵਾਈ ਵਿੱਚ ਮੈਦਾਨ ਨਾਲ ਜੁੜੇ 70 ਦੇ ਕਰੀਬ ਬੱਚਿਆਂ ਵੱਲੋਂ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਤੋਂ ਪਹਿਲਾਂ 10 ਦਿਨ ਬੱਚਿਆਂ ਵਿੱਚ ਪਟਾਖੇ ਚਲਾਉਣ ਅਤੇ ਨਾ ਚਲਾਉਣ ਲਈ ਲੈ ਕੇ ਚਰਚਾ ਵੀ ਕਰਵਾਈ ਗਈ। ਅੱਜ ਦੀ ਰੈਲੀ ’ਚ ਬੱਚਿਆਂ ਵਲੋਂ ਹੱਥਾਂ ’ਚ ਆਪਣੇ ਬਣਾਏ ਆਕਰਸ਼ਕ ਮਾਟੋ ਫੜੇ ਹੋਏ ਸਨ। ਇਸ ਮੌਕੇ ਜਸਪਾਲ ਸਿੰਘ ਫ਼ੌਜੀ, ਬਲਰਾਜ ਸਿੰਘ ਢਿੱਲੋਂ, ਮਾਸਟਰ ਗੁਰਪ੍ਰੀਤ ਸਿੰਘ, ਮੈਡਮ ਮਨਜੀਤ ਕੌਰ ਅਤੇ ਗੁਰਦੀਪ ਸਿੰਘ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਉਪਰਾਲਾ ਹੈ।
ਪ੍ਰਬੰਧਕ ਕਮੇਟੀ ਦੇ ਜਗਸੀਰ ਸਿੰਘ ਵੜਿੰਗ ਅਤੇ ਗੁਰਦੀਪ ਸਿੰਘ ਫ਼ੌਜੀ ਨੇ ਦੱਸਿਆ ਕਿ ਦੀਵਾਲੀ ਨੂੰ ਸਮਰਪਿੱਤ ਬੱਚਿਆਂ ਦੀਆਂ ਵਿਸ਼ੇਸ਼ ਖੇਡਾਂ ਕਰਵਾਉਣ ਦੇ ਨਾਲ ਨਾਲ ਦੰਗਲ ਫ਼ਿਲਮ ਦਿਖਾਈ ਜਾਵੇਗੀ।