ਪੀਪੀ ਵਰਮਾ
ਪੰਚਕੂਲਾ, 24 ਅਪਰੈਲ
ਪਹਿਲੀ ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰਿਆਣਾ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਵੈਕਸੀਨ ਲਗਾਈ ਜਾਵੇਗੀ। ਵੈਕਸੀਨ ਉਸ ਨੂੰ ਹੀ ਲੱਗੇਗੀ, ਜਿਹੜਾ 28 ਅਪਰੈਲ ਤੋਂ ਰਜਿਸਟ੍ਰੇਸ਼ਨ ਕਰਵਾਏਗਾ। ਇਸ ਦਾ ਫ਼ੈਸਲਾ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਪੱਧਰੀ ਕੋਵਿਡ ਨਿਗਰਾਨੀ ਕਮੇਟੀ ਵਿੱਚ ਕੀਤਾ। ਇਸ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਆਦੇਸ਼ ਜਾਰੀ ਕੀਤੇ ਗਏ। ਹਰਿਆਣਾ ਵਿੱਚ ਸ਼ਾਦੀ ਸਮਾਰੋਹ ਲਈ ਵੀ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਚਾਰ ਘੰਟੇ ਦੇ ਅੰਦਰ ਅੰਦਰ ਸ਼ਾਦੀ ਵਿਆਹ ਦਾ ਪ੍ਰੋਗਰਾਮ ਨਬਿੇੜ ਦਿੱਤਾ ਜਾਵੇ। ਰਾਤ ਦਾ ਕਰਫਿਊ ਸ਼ੁਰੂ ਹੋਣ ਤੋਂ ਬਾਅਦ ਕਿਸੇ ਨੂੰ ਵੀ ਸਮਾਰੋਹ ਕਰਨ ਦੀ ਇਜ਼ਾਜਤ ਨਹੀਂ ਮਿਲੇਗੀ। ਛੇ ਵਜੇ ਤੋਂ ਬਾਅਦ ਜੇਕਰ ਕੋਈ ਅਤਿਜ਼ਰੂਰੀ ਪ੍ਰੋਗਰਾਮ ਕਰਨਾ ਚਾਹੁੰਦਾ ਹੋਵੇ ਤਾਂ ਉਸਨੂੰ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਹੋਵੇਗੀ।