ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜਨਵਰੀ
ਸਾਲ 2022 ’ਚ ਦੇਸ਼ ਦੇ 5 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੇ ਸਾਰੇ ਸੂਬਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਚੌਕਸ ਰੱਖਣ ਦੀ ਹਦਾਇਤ ਦਿੱਤੀ ਹੈ। ਉਸੇ ਤਹਿਤ ਚੰਡੀਗੜ੍ਹ ਪੁਲੀਸ ਨੇ ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਯੂਪੀ ਤੋਂ ਨਾਜ਼ਾਇਜ ਅਸਲਾ ਲਿਆ ਕੇ ਚੰਡੀਗੜ੍ਹ ਵਿੱਚ ਸਪਲਾਈ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ 3 ਪਿਸਤੌਲ ਅਤੇ 8 ਕਾਰਤੂਸ ਸਣੇ ਕਾਬੂ ਕੀਤਾ ਹੈ। ਇਸ ਗਰੋਹ ਦੇ ਇਕ ਮੈਂਬਰ ਨੂੰ 31 ਦਸੰਬਰ ਦੀ ਰਾਤ ਨੂੰ 2 ਪਿਸਤੌਲ ਅਤੇ 2 ਕਾਰਤੂਸ ਸਣੇ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਪੁੱਛ ਗਿੱਛ ਦੇ ਆਧਾਰ ’ਤੇ ਦੋਵਾਂ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਕੁਮਾਰ ਅਤੇ ਸਕਸ਼ਨ ਵਰਮਾ ਵਾਸੀਆਨ ਸਹਾਰਨਪੁਰ ਵਜੋਂ ਹੋਈ ਹੈ। ਇਸ ਵਿੱਚੋਂ ਅਭਿਸ਼ੇਕ ਕੁਮਾਰ ਨੂੰ ਹੱਲੋ ਮਾਜਰਾ ਲਾਈਟ ਪੁਆਇੰਟ ਕੋਲੋਂ ਦੋ ਪਿਸਤੌਲ ਸਣੇ ਕਾਬੂ ਕੀਤਾ ਹੈ ਅਤੇ ਸਕਸ਼ਮ ਨੂੰ ਮਨੀਮਾਜਰਾ ਵਿੱਚੋਂ ਦੋ ਪਿਸਤੌਲ ਅਤੇ 6 ਕਾਰਤੂਸ ਸਣੇ ਕਾਬੂ ਕੀਤਾ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਕੀਤੀ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਯੂਪੀ ਦੇ ਸਹਾਰਨਪੁਰ ਅਤੇ ਮੁਜ਼ਫਰਨਗਰ ਤੋਂ ਨਜ਼ਾਇਜ ਅਸਲਾ ਲਿਆ ਕੇ ਵੇਚਦੇ ਸਨ। ਜੋ ਕਿ 15 ਹਜ਼ਾਰ ਦੀ ਪਿਸਤੌਲ ਖਰੀਦ ਕੇ ਅੱਗੇ 23 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਪੁਲੀਸ ਹਥਿਆਰ ਸਪਲਾਈ ਦੀਆਂ ਘਟਾਨਾਵਾਂ ਦੀ ਜਾਂਚ ਪੰਜਾਬ ਅਤੇ ਯੂਪੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਜਾਂਚ ਕਰ ਰਹੀ ਹੈ।