ਗੁਰਪ੍ਰੀਤ ਦੌਧਰ
ਅਜੀਤਵਾਲ, 10 ਅਕਤੂਬਰ
ਕਸਬਾ ਅਜੀਤਵਾਲ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਬਿਜਲੀ ਬੋਰਡ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਮੋਗਾ-ਲੁਧਿਆਣਾ ਸੜਕ ’ਤੇ ਜਾਮ ਲਗਾ ਦਿੱਤਾ ਜਿਸ ਕਾਰਨ ਅਨੇਕਾਂ ਵਾਹਨ ਫਸ ਗਏ। ਕਿਸਾਨ ਆਗੂ ਟਹਿਲ ਸਿੰਘ ਝੰਡੇਆਣਾ ਨੇ ਕਿਹਾ ਕਿ ਬਿਜਲੀ ਬੋਰਡ ਵੱਲੋਂ ਖੇਤੀ ਮੋਟਰਾਂ ਦੀ ਬਿਜਲੀ ਵਿਚ ਕਟੌਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਝੋਨਾ ਖ਼ਰਾਬ ਹੋ ਰਿਹਾ ਅਤੇ ਰੋਣੀ ਕੀਤੀ ਜ਼ਮੀਨ ਵੀ ਖ਼ਰਾਬ ਹੋ ਰਹੀ ਹੈ, ਜਿਸ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਖੇਤਾਂ ਵਿਚ ਢਿੱਲੀਆਂ ਤਾਰਾਂ ਕੱਸਣ, ਕਿਸਾਨਾਂ ਅਤੇ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਨਾ ਕੱਟੇ ਜਾਣ ਦੀ ਮੰਗ ਕੀਤੀ। ਐੱਸਡੀਓ ਅਜੀਤਵਾਲ ਜਗਦੇਵ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਪਿੱਛੋਂ ਹੀ 2 ਤੋਂ 4 ਘੰਟੇ ਘੱਟ ਆ ਰਹੀ ਹੈ ਅਤੇ ਕਿਸਾਨਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਬਿਜਲੀ ਸਪਲਾਈ ਵਧਾ ਦਿੱਤੀ ਗਈ ਹੈ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪਾਵਰਕੌਮ ਵੱਲੋਂ ਬੀਤੇ ਦਿਨਾਂ ਤੋਂ ਖੇਤੀਬਾੜੀ ਸੈਕਟਰ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿਚ ਕੀਤੀ ਕਟੌਤੀ ਕਾਰਨ ਰੋਹ ਵਿਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਸਥਾਨਕ ਸਬ-ਡਿਵੀਜ਼ਨ ਦਫ਼ਤਰ ਵਿਚ ਧਰਨਾ ਲਾਇਆ। ਕਿਸਾਨਾਂ ਨੇ ਪਾਵਰਕੌਮ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ, ਸੁਖਦੇਵ ਸਿੰਘ ਸਿਧਾਨਾ, ਸੁਖਜੀਤ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ, ਸੁਖਪਾਲ ਸਿੰਘ ਪਾਲਾ ਅਤੇ ਬਲਦੇਵ ਸਿੰਘ ਮਲੂਕਾ ਨੇ ਕਿਹਾ ਕਿ ਪਾਵਰਕੌਮ ਵੱਲੋਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਵਿਚ ਕੀਤੀ ਭਾਰੀ ਕਟੌਤੀ ਕਾਰਨ ਝੋਨਾ, ਹਰਾ ਚਾਰਾ ਅਤੇ ਹੋਰ ਫ਼ਸਲਾਂ ਪ੍ਰਭਾਵਿਤ ਹੋ ਰਹੀਆਂ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਹੀ ਢੰਗ ਨਾਲ ਬਿਜਲੀ ਸਪਲਾਈ ਨਾ ਮਿਲੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਬਿਜਲੀ ਅਧਿਕਾਰੀਆਂ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਖੇਤਰ ਲਈ ਨਾਕਸ ਬਿਜਲੀ ਸਪਲਾਈ ਖਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਬ-ਡਿਵੀਜ਼ਨਲ ਗਰਿੱਡ ਮਹਿਲ ਕਲਾਂ ਅੱਗੇ ਧਰਨਾ ਦਿੱਤਾ ਗਿਆ। ਕਿਸਾਨ ਆਗੂ ਕੁਲਜੀਤ ਸਿੰਘ ਵਜ਼ੀਦਕੇ, ਨਾਹਰ ਸਿੰਘ, ਕੁਲਦੀਪ ਸਿੰਘ ਤੇ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
ਸਮਾਲਸਰ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸਥਾਨਕ ਸਬ-ਡਿਵੀਜ਼ਨ ਪਾਵਰਕੌਮ ਦਾ ਘਿਰਾਓ ਕੀਤਾ ਗਿਆ। ਕਿਸਾਨ ਆਗੂ ਜਸਪਾਲ ਸਿੰਘ, ਚਮਕੌਰ ਸਿੰਘ, ਕਾਕਾ ਨੰਬਰਦਾਰ, ਸੋਹਣ ਸਿੰਘ, ਨਛੱਤਰ ਸਿੰਘ ਨੇ ਸੰਬੋਧਨ ਕੀਤਾ। ਬਿਜਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਿਜਲੀ ਸਪਲਾਈ ਪਿੱਛੋਂ ਹੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਬਿਜਲੀ ਮੁਲਾਜ਼ਮਾਂ ਵੱਲੋਂ ਕਿਸਾਨਾਂ ਦੀ ਨਿਗਰਾਨੀ ਰੱਖਣ ਤੋਂ ਨਾਂਹ
ਭੁੱਚੋ ਮੰਡੀ (ਪਵਨ ਗੋਇਲ): ਭੁੱਚੋ ਕਲਾਂ ਗਰਿੱਡ ’ਤੇ ਸਾਂਝੀ ਮੁਲਾਜ਼ਮ ਤਾਲਮੇਲ ਕਮੇਟੀ ਨੇ ਮੀਟਿੰਗ ਕਰ ਕੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਫੂਕਣ ਤੋਂ ਰੋਕਣ ਲਈ ਲਗਾਈਆਂ ਡਿਊਟੀਆਂ ਕਰਨ ਤੋਂ ਨਾਂਹ ਕਰ ਦਿੱਤੀ ਹੈ। ਇਸ ਸਬੰਧੀ ਬਿਜਲੀ ਮੁਲਾਜ਼ਮਾਂ ਨੇ ਸਬ-ਡਿਵੀਜ਼ਨ ਭੁੱਚੋ ਕਲਾਂ ਦੇ ਐੱਸਡੀਓ ਰੋਹਿਤ ਮੌਂਗਾ ਨੂੰ ਮੰਗ ਪੱਤਰ ਦੇ ਕੇ ਸੂਚਿਤ ਕਰ ਦਿੱਤਾ ਹੈ। ਇਸ ਮੌਕੇ ਤਾਲਮੇਲ ਕਮੇਟੀ ਦੇ ਆਗੂ ਅਜੈਬ ਸਿੰਘ, ਵਰਿੰਦਰ ਕੁਮਾਰ, ਪਰਗਟ ਸਿੰਘ, ਗੁਰਮੀਤ ਸਿੰਘ, ਰਾਜ ਸਿੰਘ, ਕਾਲੇ ਸ਼ਾਮ, ਜਗਸੀਰ ਸਿੰਘ ਅਤੇ ਜੁਗਰਾਜ ਸਿੰਘ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀ ਪਹਿਲਾਂ ਹੀ ਭਾਰੀ ਘਾਟ ਹੈ। ਜੇ ਮੁਲਾਜ਼ਮ ਕਿਸਾਨਾਂ ਦੀ ਨਿਗਰਾਨੀ ਲਈ ਚਲੇ ਗਏ ਤਾਂ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਮੁਲਾਜ਼ਮਾਂ ਨੂੰ ਡਿਊਟੀਆਂ ਦੇਣ ਲਈ ਮਜਬੂਰ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।