ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਜੂਨ
ਕਾਬੁਲ ਦੇ ਗੁਰਦੁਆਰੇ ਕਰਤੇ ਪਰਵਾਨ ਉਤੇ ਸ਼ਨਿਚਰਵਾਰ ਹੋਏ ਹਮਲੇ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਲਈ 100 ਈ-ਵੀਜ਼ਾ ਜਾਰੀ ਕਰ ਦਿੱਤੇ ਹਨ। ਇਹ ਕਦਮ ਅਫ਼ਗਾਨਿਸਤਾਨ ਵਿਚ ਇਨ੍ਹਾਂ ਘੱਟਗਿਣਤੀਆਂ ਦੀ ਸੁਰੱਖਿਆ ਲਈ ਬਣੇ ਖ਼ਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਕੇਪੀ) ਲਗਾਤਾਰ ਉੱਥੇ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਸ ਬਾਰੇ ਉੱਘੀ ਸ਼ਖ਼ਸੀਅਤ ਪੁਨੀਤ ਚੰਢੋਕ ਨੇ ਕਈ ਟਵੀਟ ਵੀ ਕੀਤੇ ਸਨ। ਘਟਨਾ ਵਾਪਰਨ ਤੋਂ ਬਾਅਦ ਸਰਕਾਰ ਨੇ ਰਾਤੋ-ਰਾਤ ਇਹ ਵੀਜ਼ਾ ਜਾਰੀ ਕੀਤੇ ਹਨ। ਗੁਰਦੁਆਰੇ ਉਤੇ ਹਮਲੇ ਤੋਂ ਬਾਅਦ ਟਵੀਟ ਕਰਦਿਆਂ ਚੰਢੋਕ ਨੇ ਕਿਹਾ ਸੀ ਕਿ, ‘27 ਮਈ ਨੂੰ ਮੈਂ ਅਫ਼ਗਾਨ ਘੱਟਗਿਣਤੀਆਂ ਦੀ ਇਕ ਅਰਜ਼ੀ ਭਾਰਤੀ ਵਿਦੇਸ਼ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਸੀ ਜੋ ਕਿ ਪਿਛਲੇ ਇਕ ਸਾਲ ਤੋਂ ਬਕਾਇਆ ਪਏ ਈ-ਵੀਜ਼ੇ ਜਾਰੀ ਕਰਨ ਬਾਰੇ ਸੀ। ਇਹ ਵੀਜ਼ੇ 150 ਹਿੰਦੂਆਂ ਤੇ ਸਿੱਖਾਂ ਨੂੰ ਦਿੱਤੇ ਜਾਣੇ ਸਨ ਜੋ ਕਿ ਹਾਲੇ ਵੀ ਕਾਬੁਲ ਵਿਚ ਹਨ। ਕਈ ਵਾਰ ਮੈਂ ਇਸ ਬਾਰੇ ਆਪਣੇ ਫ਼ਿਕਰ ਜ਼ਾਹਿਰ ਕਰ ਚੁੱਕਾ ਹਾਂ ਤੇ ਹਾਲੇ ਵੀ ਈ-ਵੀਜ਼ਾ ਜਾਰੀ ਨਹੀਂ ਹੋਏ। ਮੈਂ ਅਰਦਾਸ ਕਰਦਾ ਹਾਂ ਕਿ ਸਾਰੇ ਬਚ ਜਾਣਗੇ।’ ਦੱਸਣਯੋਗ ਹੈ ਕਿ ਇਸਲਾਮਿਕ ਸਟੇਟ-ਖੁਰਾਸਾਨ ਸੂਬੇ ਨੇ ਇਕ 12 ਸਫ਼ਿਆਂ ਦਾ ਕਿਤਾਬਚਾ ਜਾਰੀ ਕੀਤਾ ਹੈ ਜਿਸ ਵਿਚ ‘ਸਾਰੇ ਹਿੰਦੂਆਂ’ ਉਤੇ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਤਾਲਿਬਾਨ ਤੇ ਨਵੀਂ ਦਿੱਲੀ ਵਿਚਾਲੇ ਵਧ ਰਹੇ ਤਾਲਮੇਲ ਅਤੇ ਭਾਰਤ ’ਚ ਪੈਗ਼ੰਬਰ ਮੁਹੰਮਦ ਉਤੇ ਹੋਈਆਂ ਵਿਵਾਦਤ ਟਿੱਪਣੀਆਂ ਦਾ ਹਵਾਲਾ ਦਿੱਤਾ ਹੈ।
ਪੈਗੰਬਰ ਦੇ ਅਪਮਾਨ ਦਾ ਬਦਲਾ ਲਿਆ: ਇਸਲਾਮਿਕ ਸਟੇਟ
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਗੁਰਦੁਆਰੇ ਉਤੇ ਹੋਏ ਹਮਲੇ ਦੀ ਜ਼ਿੰੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਹੋਏ ਹਮਲੇ ਵਿਚ ਦੋ ਜਣੇ ਮਾਰੇ ਗਏ ਸਨ ਜਿਨ੍ਹਾਂ ਵਿਚ ਇਕ ਵਿਅਕਤੀ ਸਿੱਖ ਭਾਈਚਾਰੇ ਨਾਲ ਵੀ ਸਬੰਧਤ ਸੀ। ਇਸਲਾਮਿਕ ਸਟੇਟ ਨੇ ਇਸ ਹਮਲੇ ਨੂੰ ਪੈਗ਼ੰਬਰ ਦੇ ‘ਸਮਰਥਨ ਵਿਚ ਕੀਤਾ ਗਿਆ ਕੰਮ’ ਦੱਸਿਆ ਹੈ। ਅਤਿਵਾਦੀ ਸੰਗਠਨ ਦੀ ਵੈੱਬਸਾਈਟ ‘ਅਮਾਕ’ ਉਤੇ ਪੋਸਟ ਕੀਤੇ ਗਏ ਬਿਆਨ ਵਿਚ ਇਸਲਾਮਿਕ ਸਟੇਟ ਨਾਲ ਸਬੰਧਤ ਇਸਲਾਮਿਕ ਸਟੇਟ-ਖੁਰਾਸਾਨ ਪ੍ਰੋਵਿੰਸ (ਆਈਐੱਸਕੇਪੀ) ਨੇ ਕਿਹਾ ਕਿ ਸ਼ਨਿਚਰਵਾਰ ਕੀਤਾ ਗਿਆ ਹਮਲਾ ਹਿੰਦੂਆਂ, ਸਿੱਖਾਂ ਤੇ ਉਨ੍ਹਾਂ ਧਰਮ ਭ੍ਰਿਸ਼ਟ ਲੋਕਾਂ ਦੇ ਖ਼ਿਲਾਫ਼ ਹੈ ਜਿਨ੍ਹਾਂ ‘ਅੱਲ੍ਹਾ ਦੇ ਦੂਤ ਦਾ ਅਪਮਾਨ ਕਰਨ ਵਿਚ ਸਾਥ ਦਿੱਤਾ’। ਅਤਿਵਾਦੀ ਸਮੂਹ ਨੇ ਕਿਹਾ ਕਿ ਉਨ੍ਹਾਂ ਦਾ ਇਕ ਲੜਾਕਾ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਤੋਂ ਬਾਅਦ ਹਿੰਦੂਆਂ ਤੇ ਸਿੱਖਾਂ ਦੇ ‘ਮੰਦਰ ਵਿਚ ਵੜਿਆ ਤੇ ਅੰਦਰ ਮੌਜੂਦ ਸ਼ਰਧਾਲੂਆਂ ਉਤੇ ਆਪਣੀ ਮਸ਼ੀਨਗੰਨ ਨਾਲ ਗੋਲੀਬਾਰੀ ਕੀਤੀ ਤੇ ਹੱਥਗੋਲੇ ਸੁੱਟੇ।’ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਸਵੇਰੇ ਕਾਬੁਲ ਦੇ ਬਾਗ਼-ਏ ਬਲਾ ਖੇਤਰ ਵਿਚ ਕਰਤੇ ਪਰਵਾਨ ਗੁਰਦੁਆਰੇ ਉਤੇ ਹਮਲਾ ਹੋਇਆ ਸੀ। ਹਾਲਾਂਕਿ ਅਫ਼ਗਾਨ ਸੁਰੱਖਿਆ ਬਲਾਂ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਇਕ ਟਰੱਕ ਨੂੰ ਗੁਰਦੁਆਰੇ ਦੇ ਅੰਦਰ ਜਾਣ ਤੋਂ ਰੋਕ ਲਿਆ ਤੇ ਇਕ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਅਫ਼ਗਾਨਿਸਤਾਨ ਵਿਚ ਗੁਰਦੁਆਰੇ ਉਤੇ ਇਹ ਇਕ ਹੋਰ ਮਿੱਥ ਕੇ ਕੀਤਾ ਗਿਆ ਹਮਲਾ ਸੀ। ਤਾਲਿਬਾਨ ਦੇ ਸੁਰੱਖਿਆ ਕਰਮੀਆਂ ਨੇ ਤਿੰਨ ਹਮਲਾਵਰਾਂ ਨੂੰ ਵੀ ਹਲਾਕ ਵੀ ਕਰ ਦਿੱਤਾ ਸੀ। ‘ਆਈਐੱਸਕੇਪੀ’ ਨੇ ਇਕ ਵੀਡੀਓ ਸੁਨੇਹੇ ਵਿਚ ਭਾਜਪਾ ਦੇ ਦੋ ਸਾਬਕਾ ਅਹੁਦੇਦਾਰਾਂ ਵੱਲੋਂ ਪੈਗ਼ੰਬਰ ਬਾਰੇ ਕੀਤੀ ਗਈ ਟਿੱਪਣੀ ਦਾ ਬਦਲਾ ਲੈਣ ਲਈ ਹਿੰਦੂਆਂ ਉਤੇ ਹਮਲੇ ਦੇ ਚਿਤਾਵਨੀ ਵੀ ਦਿੱਤੀ ਸੀ। -ਪੀਟੀਆਈ
ਸੰਯੁਕਤ ਰਾਸ਼ਟਰ ਤੇ ਅਫ਼ਗਾਨ ਆਗੂਆਂ ਵੱਲੋਂ ਹਮਲੇ ਦੀ ਨਿਖੇਧੀ
ਕਾਬੁਲ ਵਿਚ ਗੁਰਦੁਆਰੇ ਉਤੇ ਹੋਏ ਹਮਲੇ ਦੀ ਅਫ਼ਗਾਨ ਆਗੂਆਂ ਤੇ ਸੰਯੁਕਤ ਰਾਸ਼ਟਰ ਨੇ ਕਰੜੀ ਆਲੋਚਨਾ ਕੀਤੀ ਹੈ। ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਹਮਲੇ ਦੀ ਨਿੰਦਾ ਕੀਤੀ ਤੇ ਇਸ ਨੂੰ ਅਤਿਵਾਦੀ ਘਟਨਾ ਕਰਾਰ ਦਿੱਤਾ। ਅਫ਼ਗਾਨ ਸ਼ਾਂਤੀ ਪ੍ਰੀਸ਼ਦ ਦੇ ਵੱਡੇ ਆਗੂ ਅਬਦੁੱਲ੍ਹਾ ਅਬਦੁੱਲ੍ਹਾ ਨੇ ਵੀ ਹਮਲੇ ਦੀ ਨਿੰਦਾ ਕੀਤੀ। ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਨੇ ਕਿਹਾ ਕਿ ਆਮ ਨਾਗਰਿਕਾਂ ਉਤੇ ਹਮਲੇ ਤੁਰੰਤ ਰੁਕਣੇ ਚਾਹੀਦੇ ਹਨ। ਉਨ੍ਹਾਂ ਅਫ਼ਗਾਨਿਸਤਾਨ ਵਿਚ ਸਾਰੀਆਂ ਘੱਟਗਿਣਤੀਆਂ ਦੀ ਸੁਰੱਖਿਆ ਦਾ ਸੱਦਾ ਵੀ ਦਿੱਤਾ।