ਅੰਮ੍ਰਿਤਸਰ: ਪੰਥ ’ਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਰੱਖਣ ਦੇ ਮਾਮਲੇ ਹੇਠ ਪ੍ਰੋ. ਸਰਚਾਂਦ ਸਿੰਘ ਨੇ ਅਕਾਲ ਤਖ਼ਤ ਵਲੋਂ ਲੱਗੀ ਧਾਰਮਿਕ ਤਨਖ਼ਾਹ (ਸੇਵਾ) ਪੂਰੀ ਕਰਨ ਮਗਰੋਂ ਅੱਜ ਖਿਮਾ ਯਾਚਨਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਅਰਦਾਸ ਕਰਾਈ। ਸਰਚਾਂਦ ਸਿੰਘ ਨੇ ਆਖਿਆ ਕਿ ਉਨ੍ਹਾਂ ਨਿਮਾਣੇ ਸਿੱਖ ਵਜੋਂ ਸ਼ਰਧਾ ਅਤੇ ਸਿਦਕ ਦਿਲੀ ਨਾਲ ਇਹ ਸੇਵਾ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਸਿਰਮੌਰ ਤੇ ਸਰਵਉੱਚ ਸੰਸਥਾ ਹੈ, ਜਿਸ ਨੂੰ ਉਹ ਸਦਾ ਹੀ ਸਮਰਪਿਤ ਰਹੇ ਹਨ। ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਤੋਂ ਬੀਤੇ ਮਹੀਨੇ 18 ਸਤੰਬਰ ਨੂੰ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਮਿਲਵਰਤਨ ਦੇ ਮਾਮਲੇ ’ਚ ਪ੍ਰੋ. ਸਰਚਾਂਦ ਸਿੰਘ ਸਣੇ ਮੈਂਬਰ ਸ਼੍ਰੋਮਣੀ ਕਮੇਟੀ ਗੁਰਿੰਦਰਪਾਲ ਸਿੰਘ ਗੋਰਾ ਅਤੇ ਧਰਮ ਪ੍ਰਚਾਰਕ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜ਼ਫਰਵਾਲ ਨੂੰ ਸਜ਼ਾ ਸੁਣਾਈ ਗਈ ਸੀ। ਰਤਨ ਸਿੰਘ ਜ਼ਫਰਵਾਲ ਵੀ ਸੇਵਾ ਪੂਰੀ ਕਰਨ ਮਗਰੋਂ ਅਰਦਾਸ ਕਰਵਾ ਚੁੱਕੇ ਹਨ। -ਟ੍ਰਿਬਿਊਨ ਨਿਊਜ਼ ਸਰਵਿਸ