ਪੱਤਰ ਪ੍ਰੇਰਕ
ਜੀਂਦ, 22 ਮਾਰਚ
ਉਚਾਨਾ ਕਸਬੇ ਦੇ ਪਿੰਡ ਮੰਗਲਪੁਰ ਵਿੱਚ ਦਿਨ ਦਿਹਾੜੇ ਇੱਕ ਮਹਿਲਾ ਦੀ ਸੜਕ ਵਿਚਕਾਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ 80 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਲੁਟੇਰੇ ਫਰਾਰ ਹੋ ਗਏ। ਅੱਜ ਦੁਪਹਿਰ ਵੇਲੇ 34/35 ਸਾਲਾ ਮਹਿਲਾ ਬੈਂਕ ਵਿਚੋਂ ਪੈਸੇ ਕਢਵਾ ਕੇ ਬੁਢਾਪਾ ਪੈਨਸ਼ਨ ਵੰਡਣ ਜਾ ਰਹੀ ਸੀ। ਉਚਾਨਾ ਥਾਨਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਪਵਨ ਕੁਮਾਰੀ ਪਿੰਡ ਵਿੱਚ ਬੈਂਕ ਮਿੱਤਰ ਦਾ ਕੰਮ ਕਰਦੀ ਸੀ। ਪਵਨ ਕੁਮਾਰੀ ਨੇ ਬਜ਼ੁਰਗਾਂ ਨੂੰ ਪੈਨਸ਼ਨ ਵੰਡਣੀ ਸੀ। ਇਸ ਲਈ ਉਸ ਨੇ ਕਰੀਬ 11 ਵਜੇ ਪਿੰਡ ਦਰਜਨਪੁਰ ਸਥਿਤ ਬੈਂਕ ਵਿੱਚੋਂ ਕਰੀਬ 80 ਹਜ਼ਾਰ ਰੁਪਏ ਕਢਵਾਏ। ਇਸ ਤੋਂ ਬਾਅਦ ਜਦੋਂ ਉਹ ਕੱਚੇ ਰਸਤੇ ਰਾਹੀਂ ਪਿੰਡ ਜਾ ਰਹੀ ਸੀ ਤਾਂ ਪਿੰਡ ਨਚਾਰਖੇੜਾ ਅਤੇ ਸੁਰਬਰਾ ਵਿਚਕਾਰ ਅਣਪਛਾਤਿਆਂ ਨੇ ਉਸ ਦੇ ਗੋਲੀਆਂ ਮਾਰੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਅਗਿਆਤ ਲੋਕਾਂ ਦੇ ਖਿਲਾਫ ਹੱਤਿਆ ਅਤੇ ਲੁੱਟ ਦਾ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।