ਦੇਹਰਾਦੂਨ, 19 ਮਈ
ਕਾਂਗਰਸ ਨੇ ਇਥੇ ਆਪਣੇ ਸੂਬਾਈ ਦਫ਼ਤਰ ਦੇ ਬਾਹਰ ਵੱਡੇ ਵੱਡੇ ਪੋਸਟਰ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੈਕਸੀਨ ਦੀ ਘਾਟ ਸਬੰਧੀ ਸਵਾਲ ਕੀਤੇ ਹਨ। ਉਨ੍ਹਾਂ ਨੇ ਬੈਨਰਾਂ ’ਤੇ ਲਿਖਿਆ ਹੈ ਕਿ ਦੇਸ਼ ਦੇ ਬੱਚਿਆਂ ਲਈ ਬਣੀ ਕਰੋਨਾ ਵੈਕਸੀਨ ਨੂੰ ਵਿਦੇਸ਼ਾਂ ਵਿੱਚ ਕਿਉਂ ਬਰਾਮਦ ਕੀਤਾ ਗਿਆ? ਸ਼ਹਿਰ ਦੇ ਮੱਧ ਵਿੱਚ ਕਾਂਗਰਸ ਦੇ ਦਫ਼ਤਰ ਬਾਹਰ ਲਗਾਏ ਕਾਲੇ ਬੈਨਰ, ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛੇ ਗਏ, ਹਰ ਰਾਹਗੀਰ ਦਾ ਧਿਆਨ ਖਿੱਚ ਰਹੇ ਹਨ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰੀਤਮ ਸਿੰਘ ਅਤੇ ਸ਼ਹਿਰੀ ਇਕਾਈ ਦੇ ਪ੍ਰਧਾਨ ਲਾਲ ਚੰਦ ਸ਼ਰਮਾ ਦੇ ਨਾਮ ਹੇਠ ਛਪੇ ਇਨ੍ਹਾਂ ਬੈਨਰਾਂ ’ਤੇ ਲਿਖਿਆ ਹੈ,‘‘ਮੋਦੀ ਜੀ, ਹਮਾਰੇ ਬੱਚੋਂ ਕੀ ਵੈਕਸੀਨ ਵਿਦੇਸ਼ ਕਿਉਂ ਭੇਜੀ?’’ ਇਸੇ ਤਰ੍ਹਾਂ ਦੇ ਬੈਨਰ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਵੀ ਲਗਾਏ ਗਏ ਸੀ। ਇਸ ਮਾਮਲੇ ’ਚ ਦਿੱਲੀ ਪੁਲੀਸ ਨੇ 25 ਐੱਫਆਈਆਰ ਦਰਜ ਕੀਤੀਆਂ ਸਨ ਤੇ ਕਈ ਲੋਕਾਂ ਨੂੰ ਧਾਰਾ 188 ਤਹਿਤ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ