ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 23 ਅਪਰੈਲ
ਇਥੇ ਫਤਿਆਬਾਦ ਚੌਕ ਵਿੱਚ ਬੀਤੇ 5 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਬਜ਼ੁਰਗ ਪ੍ਰਲਾਦ ਸਿੰਘ ਦੀ ਆਖਰ ਪੰਜਵੇਂ ਦਿਨ ਪ੍ਰਸ਼ਾਸਨ ਵੱਲੋਂ ਸਾਰ ਲੈ ਹੀ ਲਈ ਗਈ। ਐੱਸਡੀਐੱਮ ਖਡੂਰ ਸਾਹਿਬ ਰੋਹਿਤ ਗੁਪਤਾ ਵੱਲੋ ਪ੍ਰਲਾਦ ਸਿੰਘ ਨਾਲ ਸੰਪਰਕ ਕਰਦੇ ਹੋਏ ਆਪਣੀ ਟੀਮ ਭੇਜ ਕੇ ਪ੍ਰਲਾਦ ਸਿੰਘ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਜਿਸ ਤੋ ਬਾਅਦ ਪ੍ਰਲਾਦ ਸਿੰਘ ਨੇ ਮਰਨ ਵਰਤ ਖਤਮ ਕੀਤਾ। ਜ਼ਿਕਰਯੋਗ ਹੈ ਕਿ ਬਜ਼ੁਰਗ ਪ੍ਰਲਾਦ ਸਿੰਘ ਪਿਛਲੇ ਪੰਜ ਦਿਨਾ ਤੋਂ ਮਰਨ ਵਰਤ ’ਤੇ ਬੈਠਾ ਹੋਇਆ ਸੀ ਜਿਸ ਆਪਣੇ ਧੀ ਜਵਾਈ ਉਪਰ 50 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕੀਤੀ ਸੀ ਪਰ ਪੁਲੀਸ ਪ੍ਰਸ਼ਾਸਨ ਵੱਲੋਂ ਬੀਤੇ 7 ਸਾਲ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਜਾਣਕਾਰੀ ਦਿੰਦੇ ਐੱਸਡੀਐੱਮ ਰੋਹਿਤ ਗੁਪਤਾ ਨੇ ਦੱਸਿਆ ਕਿ ਜੇਕਰ ਕੋਈ ਮਹਿਕਮਾ ਪ੍ਰਲਾਦ ਸਿੰਘ ਦੀ ਸੁਣਵਾਈ ਨਹੀਂ ਕਰ ਰਿਹਾ ਤਾਂ ਪ੍ਰਲਾਦ ਸਿੰਘ ਨੂੰ ਸੀਨੀਅਰ ਸਿਟੀਜ਼ਨ ਐਕਟ ਤਹਿਤ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ ਅਤੇ ਪ੍ਰਸ਼ਾਸਨ ਵਲੋਂ ਪ੍ਰਲਾਦ ਸਿੰਘ ਨੂੰ ਇਨਸਾਫ ਦਿਵਾਉਣ ਅਤੇ ਕਾਰਵਾਈ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਜਿਸ ਲਈ ਅਮਲੀ ਰੂਪ ਤੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।