ਪੱਤਰ ਪ੍ਰੇਰਕ
ਤਲਵਾੜਾ, 13 ਸਤੰਬਰ
ਇੱਥੇ ਪਿੰਡ ਢੁਲਾਲ ਵਿੱਚ ਸਰਪੰਚ ਵੱਲੋਂ ਛੱਪੜ ’ਤੇ ਕਥਿਤ ਕਬਜ਼ਾ ਕਰ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਸਰਪੰਚ ਨੇ ਛੱਪੜ ਦੀ ਜ਼ਮੀਨ ਆਪਣੀ ਮਾਲਕੀ ਹੋਣ ਦਾ ਦਾਅਵਾ ਕੀਤਾ ਹੈ। ਸਾਬਕਾ ਸਰਪੰਚ ਨੇ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ’ਤੇ ਬੀਡੀਪੀਓ ਤਲਵਾੜਾ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਪਿੰਡ ਢੁਲਾਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਢੁਲਾਲ ਨੇ ਦੱਸਿਆ ਕਿ ਉਕਤ ਛੱਪੜ ਕਰੀਬ ਤਿੰਨ ਸੌ ਸਾਲ ਪੁਰਾਣਾ ਹੈ, ਮਾਲ ਮਹਿਕਮੇ ਦੇ ਰਿਕਾਡਰ ’ਚ ਛੱਪੜ ਦਾ ਕੁੱਲ ਰੱਕਬਾ 23 ਕਨਾਲ ਦਰਜ ਹੈ, ਭਾਵੇਂ ਕਿ ਰਿਕਾਰਡ ਮੁਤਾਬਕ ਮਾਲਕੀ ਖਾਤੇ ਵਿੱਚ ਸਰਪੰਚ ਦੇ ਪਰਿਵਾਰ ਦਾ ਨਾਂ ਬੋਲਦਾ ਹੈ ਪਰ ਕਾਸ਼ਤਕਾਰ ਖਾਨੇ ’ਚ ਛੱਪੜ ਮੁਫ਼ੀਦ- ਏ-ਆਮ (ਆਮ ਲੋਕਾਂ ਦੇ ਪ੍ਰਯੋਗ) ਵਜੋਂ ਦਰਜ ਹੈ। ਸਾਬਕਾ ਸਰਪੰਚ ਨੇ ਦੱਸਿਆ ਕਿ ਮੌਜੂਦਾ ਸਰਪੰਚ ਦੇ ਪਰਿਵਾਰ ਕੋਲ ਵਾਧੂ ਜ਼ਮੀਨ ਹੈ, ਇਹ ਮਾਮਲਾ ਮੁਜ਼ਾਰਾ ਐਕਟ ਤਹਿਤ 2011 ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ’ਚ ਲਿਜਾਇਆ ਗਿਆ ਸੀ, ਹਾਈਕੋਰਟ ਨੇ ਪਰਿਵਾਰ ਨੂੰ 30 ਸਟੈਂਡਰਡ ਏਕੜ ਜ਼ਮੀਨ ਅਲਾਟ ਕੀਤੀ ਸੀ, ਜਦਕਿ ਸਰਪਲੱਸ ਜ਼ਮੀਨ ਮੁਜ਼ਾਰਿਆਂ ਅਤੇ ਬੰਦੀ ਰਕਬੇ ਨੂੰ ਅਲਾਟ ਕਰਨ ਦਾ ਫੈਸਲਾ ਸੁਣਾਇਆ ਸੀ ਪਰ ਅੱਜ ਤੱਕ ਸਰਕਾਰ ਤੇ ਪ੍ਰਸ਼ਾਸਨ ਹਾਈਕੋਰਟ ਦਾ ਫੈਸਲਾ ਲਾਗੂ ਕਰਨ ’ਚ ਨਾਕਾਮ ਰਿਹਾ ਹੈ। ਅੱਜ ਵੀ ਜ਼ਮੀਨ ਸਰਪੰਚ ਦੇ ਪਰਿਵਾਰ ਦੇ ਨਾਂ ਹੀ ਬੋਲਦੀ ਹੈ। ਸਾਬਕਾ ਸਰਪੰਚ ਨੇ ਬੀਡੀਪੀਓ ਤਲਵਾੜਾ ਸਮੇਤ ਉੱਚ ਅਧਿਕਾਰੀਆਂ ਤੋਂ ਛੱਪੜ ’ਤੇ ਚੱਲ ਰਹੀ ਕਥਿਤ ਉਸਾਰੀ ਨੂੰ ਰੁਕਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਰਪੰਚ ਵਰਿੰਦਰ ਕੁਮਾਰ ਰਾਜੂ ਨੇ ਆਪਣੀ ਪ੍ਰਤੀਕਿਰੀਆ ਦਿੰਦੇ ਹੋਇਆਂ ਸ਼ਿਕਾਇਤਕਰਤਾ ਤੋਂ ਛੱਪੜ ਦੀ ਮਾਲਕੀ ਦੇ ਦਸਤਾਵੇਜ਼ ਲੈ ਕੇ ਖ਼ਬਰ ਲਾਉਣ ਦੀ ਸਲਾਹ ਦਿੱਤੀ। ਬੀਡੀਪੀਓ ਤਲਵਾੜਾ ਯੁਧਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਥਾਣਾ ਤਲਵਾੜਾ ਨੂੰ ਸ਼ਿਕਾਇਤ ਭੇਜ ਦਿੱਤੀ ਹੈ।