ਵਾਸ਼ਿੰਗਟਨ, 3 ਮਾਰਚ
ਅਮਰੀਕਾ ਦੇ ਇੱਕ ਸੀਨੀਅਰ ਕੂਟਨੀਤਕ ਨੇ ਕਿਹਾ ਕਿ ਕਸ਼ਮੀਰ ਵਿੱਚ ਆਮ ਸਥਿਤੀ ਬਹਾਲ ਕਰਨ ਲਈ ਭਾਰਤ ਸਰਕਾਰ ਕੁੱਝ ਕਦਮ ਚੁੱਕ ਰਹੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਜੋਅ ਬਾਇਡਨ ਪ੍ਰਸ਼ਾਸਨ ਨੇ ਇਸ ਖੇਤਰ ਵਿੱਚ ਅਤਿਵਾਦੀ ਖ਼ਤਰੇ ਸਮੇਤ ਸੁਰੱਖਿਆ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਭਾਰਤ ਸਰਕਾਰ ਨੇ ਪੰਜ ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰ ਕੇ ਇਸ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਦੱਖਣੀ ਅਤੇ ਕੇਂਦਰੀ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਨੇ ਕਿਹਾ, ‘‘ਅਸੀਂ ਦੇਖਿਆ ਹੈ ਕਿ ਭਾਰਤ ਸਰਕਾਰ ਆਮ ਸਥਿਤੀ ਬਹਾਲ ਕਰਨ ਲਈ ਕੁੱਝ ਕਦਮ ਚੁੱਕ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਦੇ ਕਈ ਕਸ਼ਮੀਰੀ ਸਿਆਸਤਦਾਨਾਂ ਤੱਕ ਪਹੁੰਚ ਹੈ।’’
ਲੂ ਭਾਰਤ-ਅਮਰੀਕੀ ਸਬੰਧਾਂ ਬਾਰੇ ਪੂਰਬ, ਦੱਖਣੀ ਏਸ਼ੀਆ, ਕੇਂਦਰੀ ਏਸ਼ੀਆ ਅਤੇ ਅਤਿਵਾਦ ਵਿਰੋਧੀ ਮਾਮਲਿਆਂ ਨਾਲ ਸਬੰਧਿਤ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੇ ਮੈਂਬਰਾਂ ਸਾਹਮਣੇ ਰਿਪੋਰਟ ਪੇੇਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕਈ ਕੈਬਨਿਟ ਮੰਤਰੀਆਂ ਨੇ ਕਸ਼ਮੀਰ ਦੇ ਕਈ ਦੌਰੇ ਕੀਤੇ ਹਨ। ਉਥੇ ਮੋਬਾਈਲ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਇਸ ਖੇਤਰ ਵਿੱਚ ਅਤਿਵਾਦੀ ਖ਼ਤਰਿਆਂ ਸਣੇ ਸੁਰੱਖਿਆ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਲੂ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਪਿਛਲੇ ਦੋ ਸਾਲਾਂ ਵਿੱਚ ਘੁਸਪੈਠ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ। ਜਿ਼ਕਰਯੋਗ ਹੈ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਮਸਲੇ ਨੂੰ ਲੈ ਕੈ ਵਿਚੋਲਗੀ ਦੀ ਕਈ ਵਾਰ ਪੇਸ਼ਕਸ਼ ਕੀਤੀ ਹੈ ਪਰ ਭਾਰਤ ਇਹ ਆਖ ਿਕ ਇਨਕਾਰ ਕਰਦਾ ਰਿਹਾ ਹੈ ਕਿ ਉਸ ਨੂੰ ਇਸ ਮਾਮਲੇ ’ਚ ਕਿਸੇ ਤੀਜੀ ਧਿਰ ਦਾ ਦਖ਼ਲ ਮਨਜ਼ੂਰ ਨਹੀਂ ਹੈ। -ਪੀਟੀਆਈ