ਦਵਿੰਦਰ ਸਿੰਘ ਭੰਗੂ
ਰਈਆ, 3 ਫਰਵਰੀ
ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿੱਚ ਇਸ ਵਾਰ ਵੱਖ ਵੱਖ ਸਿਆਸੀ ਪਾਰਟੀਆਂ ਦੇ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਮੁੱਖ ਮੁਕਾਬਲਾ ਝਾੜੂ ਤੇ ਤੱਕੜੀ ਵਿਚਾਲੇ ਬਣਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੀ ਫੁੱਟ ਕਾਰਨ ਵੱਡੀ ਗਿਣਤੀ ਵਿੱਚ ਵਰਕਰ ਝਾੜੂ ’ਚ ਸ਼ਾਮਲ ਹੋ ਚੁੱਕੇ ਹਨ ਤੇ ਅਕਾਲੀ ਦਲ ਦੀ ਟਿਕਟ ਨਾ ਮਿਲਣ ਕਾਰਨ ਸਾਬਕਾ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਕੇ ਚੋਣ ਲੜ ਰਿਹਾ ਹੈ। ਇਸ ਵਾਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਉਮੀਦਵਾਰ ਬਣਾਉਣ ਕਾਰਨ ਜਸਬੀਰ ਸਿੰਘ ਡਿੰਪਾ (ਐੱਮਪੀ) ਗਰੁੱਪ ਵੱਲੋਂ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਹਮਾਇਤ ਕੀਤੀ ਜਾ ਰਹੀ ਸੀ ਪਰ ਟਿਕਟ ਨਾ ਮਿਲਣ ਕਾਰਨ ਛੱਜਲਵੱਡੀ ਅਕਾਲੀ ਦਲ ’ਚ ਸ਼ਾਮਲ ਹੋ ਗਏ. ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੱਲੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੂੰ ਉਮੀਦਵਾਰ ਬਣਾਏ ਜਾਣ ’ਤੇ ਟਿਕਟ ਦੇ ਦਾਅਵੇਦਾਰ ਸਾਬਕਾ ਵਿਧਾਇਕ ਮਨਜੀਤ ਸਿੰਘ ਮੀਆਂਵਿੰਡ ਨੇ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ ਤੇ ਭਾਜਪਾ ਵੱਲੋਂ ਇਸ ਹਲਕੇ ’ਚ ਚੋਣ ਲੜ ਰਹੇ ਹਨ ਪਰ ਮੰਨਾਂ ਦੇ ਵੱਡੀ ਗਿਣਤੀ ਸਾਥੀ ਵਾਪਸ ਅਕਾਲੀ ਦਲ ’ਚ ਵਾਪਸ ਆ ਗਏ ਹਨ ਤੇ ਉਹ ਵਰਕਰਾਂ ਨੂੰ ਮਨਾਉਣ ’ਚ ਕਾਮਯਾਬ ਹੋਣ ਕਾਰਨ ਅਕਾਲੀ ਉਮੀਦਵਾਰ ਨੂੰ ਬਹੁਤਾ ਨੁਕਸਾਨ ਨਹੀਂ ਹੋ ਰਿਹਾ। ‘ਆਪ’ ਉਮੀਦਵਾਰ ਦਲਬੀਰ ਸਿੰਘ ਟੌਗ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਤੋਂ 6000 ਵੋਟਾਂ ਦੇ ਫ਼ਰਕ ਨਾਲ ਪਿੱਛੇ ਸੀ। ਇਸ ਵਾਰ ਕਾਂਗਰਸ ’ਚ ਬਗ਼ਾਵਤ ਹੋਣ ਕਾਰਨ ਕੁਝ ਕਾਂਗਰਸੀ ਆਗੂ ਸ਼ਾਮਲ ਹੋਣ ਕਾਰਨ ਸਥਿਤੀ ਮਜ਼ਬੂਤ ਹੈ। ਪਰ ਸੰਯੁਕਤ ਸਮਾਜ ਮੋਰਚੇ ਵੱਲੋਂ ਗੁਰਨਾਮ ਕੌਰ ਚੀਮਾ ਰਿਟਾ. ਲੈਕਚਰਾਰ ਨੂੰ ਉਮੀਦਵਾਰ ਉਤਾਰੇ ਜਾਣ ਦਾ ਨੁਕਸਾਨ ‘ਆਪ’ ਨੂੰ ਹੋ ਰਿਹਾ ਹੈ ਕਿਉਂਕਿ ਕਿਸਾਨ ਵੋਟ ਉਸ ਦੇ ਵਿਰੋਧ ’ਚ ਭੁਗਤ ਸਕਦੇ ਹਨ। ਭਾਜਪਾ ਉਮੀਦਵਾਰ ਮਨਜੀਤ ਸਿੰਘ ਮੀਆਂਵਿੰਡ ਨੂੰ ਲੋਕਾਂ ਤੇ ਕਿਸਾਨਾਂ ਦੀ ਵਿਰੋਧਤਾ ਦਾ ਪਿੰਡਾਂ ’ਚ ਸਾਹਮਣਾ ਕਰਨਾ ਪੈ ਸਕਦਾ ਹੈ। ਹਲਕੇ ’ਚ ਡੇਰਾ ਰਾਧਾ ਸੁਆਮੀ ਬਿਆਸ ਦਾ ਕਾਫ਼ੀ ਪ੍ਰਭਾਵ ਹੈ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਹੱਕ ’ਚ ਭੁਗਤੇ ਸਨ। ਇਸ ਵਾਰ ਡੇਰਾ ਪ੍ਰਬੰਧਕਾਂ ਦੀ ਇੱਛਾ ਅਨੁਸਾਰ ਉਹ ਦੁਬਾਰਾ ਕਾਂਗਰਸ ਪਾਰਟੀ ਦੇ ਹੱਕ ’ਚ ਜਾ ਸਕਦੇ ਹਨ ਜਿਸ ਕਾਰਨ ਤਿਕੋਣਾ ਮੁਕਾਬਲਾ ‘ਆਪ’, ਅਕਾਲੀ ਦਲ ਤੇ ਕਾਂਗਰਸ ਪਾਰਟੀ ਵਿਚਕਾਰ ਹੋਵੇਗਾ।