ਪੱਤਰ ਪ੍ਰੇਰਕ
ਲਾਲੜੂ, 23 ਅਪਰੈਲ
ਅੰਤਰਰਾਸਟਰੀ ਨਸ਼ਾ ਤਸਕਰੀ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦੇ ਚਲਦੇ ਲਾਲੜੂ ਪੁਲੀਸ ਨੇ ਗਸ਼ਤ ਦੌਰਾਨ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਤੋਂ 13 ਕਿਲੋ 613 ਗਰਾਮ ਅਫੀਮ ਬਰਾਮਦ ਕੀਤੀ ਹੈ, ਜੋ ਨੇਪਾਲ ਤੋਂ ਅਫੀਮ ਲਿਆ ਕੇ ਹਿਮਾਚਲ ਪ੍ਰਦੇਸ ਦੇ ਸ਼ਿਮਲਾ ਵਿੱਚ ਆਪਣੇ ਪੱਕੇ ਗਾਹਕਾਂ ਨੂੰ ਵੇਚਣ ਦਾ ਧੰਦਾ ਕਰਦੇ ਸਨ।
ਸੀਨੀਅਰ ਪੁਲੀਸ ਕਪਤਾਨ ਮੁਹਾਲੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਐੱਸਪੀ ਦਿਹਾਤੀ ਮੁਹਾਲੀ ਡਾ. ਰਵਜੋਤ ਗਰੇਵਾਲ , ਡੀਐੱਸਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਦੀ ਅਗਵਾਈ ਅਤੇ ਥਾਣਾ ਮੁਖੀ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਲਾਲੜੂ ਪੁਲੀਸ ਨੇ ਗਸ਼ਤ ਦੌਰਾਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੀਰ ਬਾਬਾ ਦੀ ਦਰਗਾਹ ਨੇੜਿਓਂ ਦੋ ਨੌਜਵਾਨ ਅਤੇ ਇਕ ਔਰਤ ਨੂੰ ਮੋਢੇ ਤੇ ਪਿੱਠੂ ਬੈਗ ਪਾਏ ਹੋਏ ਵੇਖਿਆ, ਜੋ ਪੁਲੀਸ ਪਾਰਟੀ ਨੂੰ ਵੇਖ ਕੇ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ ਪਰ ਡੀਐੱਸਪੀ ਰੁਪਿੰਦਰਜੀਤ ਸਿੰਘ ਦੀ ਹਾਜ਼ਰੀ ਵਿੱਚ ਉਨ੍ਹਾ ਦੇ ਬੈਗਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਕਾਬੂ ਕੀਤੇ ਮੁਲਜ਼ਮ ਅਮ੍ਰਿਤ ਪੁਨ ਵਾਸੀ ਨੇਪਾਲ ਦੇ ਬੈਗ ਵਿਚੋਂ ਪੰਜ ਕਿਲੋ 208 ਗਰਾਮ ਅਫੀਮ, ਸਕਤੀ ਉਲੀ ਵਾਸੀ ਨੇਪਾਲ ਦੇ ਬੈਗ ਵਿੱਚੋਂ ਪੰਜ ਕਿਲੋ 208 ਗਰਾਮ ਅਫੀਮ ਅਤੇ ਮਹਿਲਾ ਮੁਲਜ਼ਮ ਕਮਲਾ ਬਰਈ ਦੇ ਪਿੱਠੂ ਬੈਗ ਵਿਚੋਂ ਤਿੰਨ ਕਿਲੋ 197 ਗਰਾਮ ਅਫੀਮ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ ਕੇਸ ਦਰ ਕਰ ਲਿਆ ਹੈ।