ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਅਪਰੈਲ
ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਲਗਾਤਾਰ ਸਰਕਾਰੀ ਵਿਭਾਗਾਂ ਦੀ ਕੀਤੀ ਜਾ ਰਹੀ ਚੈਕਿੰਗ ਦੀ ਕੜੀ ਦੇ ਤਹਿਤ ਅੱਜ ਸਿਵਲ ਹਸਪਤਾਲ ਸਿੰਘਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਜਿੱਥੇ ਹਸਪਤਾਲ ਦੇ ਐੱਸਐੱਮਓ ਵਿਧਾਨ ਚੰਦਰ ਕੋਲੋਂ ਹਸਪਤਾਲ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਉੱਥੇ ਹੀ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਮੌਕੇ ਉਨ੍ਹਾਂ ਕੋਵਿਡ ਵਾਰਡ ਦਾ ਦੌਰਾ ਕੀਤਾ ਤੇ ਬੀਤੇ ਇਕ ਸਾਲ ਤੋਂ ਇਸ ਵਾਰਡ ਦੇ ਮੁਕੰਮਲ ਨਾ ਹੋਣ ਦਾ ਸਖ਼ਤ ਨੋਟਿਸ ਲਿਆ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਮੱਦੇਨਜ਼ਰ ਇੱਕ ਸੌ ਅੱਠ ਨੰਬਰ ਐਂਬੂਲੈਂਸ ਨੂੰ ਵੀ ਸਿੰਘਪੁਰ ਹਸਪਤਾਲ ਵਿੱਚ ਪੱਕੇ ਤੌਰ ’ਤੇ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਐੱਸਐੱਮਓ ਡਾ.ਵਿਧਾਨ ਚੰਦਰ ਨੇ ਦੱਸਿਆ ਕਿ ਹਲਕਾ ਵਿਧਾਇਕ ਵੱਲੋਂ ਜੋ ਉਨ੍ਹਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹ ਉਸ ’ਤੇ ਜਲਦ ਤੋਂ ਜਲਦ ਅਮਲ ਕਰਨਗੇ ਤੇ ਹਸਪਤਾਲਾਂ ਦੀਆਂ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣਗੇ ।