ਸਤਵਿੰਦਰ ਬਸਰਾ
ਲੁਧਿਆਣਾ, 19 ਜੁਲਾਈ
ਇੰਟਰਨਸ਼ਿਪ ਭੱਤਾ ਵਧਾਉਣ ਦੀ ਮੰਗ ਨੂੰ ਲੈ ਕਿ ਪਿਛਲੇ ਕਈ ਦਿਨਾਂ ਤੋਂ ਧਰਨੇ ਅਤੇ ਮਰਨ ਵਰਤ ’ਤੇ ਬੈਠੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਪਹੁੰਚੇ। ਸ੍ਰੀ ਖਹਿਰਾ ਨੇ ਆਸ ਪ੍ਰਗਟਾਈ ਕਿ ਵੈਸੇ ਤਾਂ ਸਰਕਾਰ ਨੂੰ ਵਿਦਿਆਰਥੀਆਂ ਦੀ ਮੰਗ ਆਪੇ ਹੀ ਪੂਰੀ ਕਰ ਦੇਣੀ ਚਾਹੀਦੀ ਹੈ ਅਤੇ ਜੇ ਉਹ ਅਜਿਹਾ ਨਹੀਂ ਕਰਦੀ ਤਾਂ ਉਹ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ। ਦੂਜੇ ਪਾਸੇ ਮਰਨ ਵਰਤ ’ਤੇ ਬੈਠੇ ਦੋਵੇਂ ਵਿਦਿਆਰਥੀਆਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੀਤੀ ਰਾਤ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਤਬੀਅਤ ਵਿੱਚ ਕਾਫੀ ਸੁਧਾਰ ਹੈ। ਦੂਜੇ ਪਾਸੇ ਵੈਟਰਨਰੀ ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਜੂਸ ਪਿਲਾ ਕਿ ਇਨ੍ਹਾਂ ਵਿਦਿਆਰਥੀਆਂ ਦਾ ਮਰਨ ਵਰਤ ਖਤਮ ਕਰਵਾ ਦਿੱਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਹ ਦੂਜੇ ਰਾਜਾਂ ਦੀ ਤਰ੍ਹਾਂ ਇੰਟਰਨਸ਼ਿਪ ਭੱਤਾ 6200 ਤੋਂ 17000 ਰੁਪਏ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਵਿਦਿਆਰਥੀਆਂ ਦਾ ਇੱਕ ਵਫਦ ਅੱਜ ਵੀ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਵੀ ਮਿਲਿਆ। ਇਸ ਦੌਰਾਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਗਿਆ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਬੁੱਧਵਾਰ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ। ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸ੍ਰੀ ਖਹਿਰਾ ਕਿਹਾ ਕਿ ਜਿੰਨਾ ਕੁ ਭੱਤਾ ਇਹ ਵਿਦਿਆਰਥੀ ਵਧਾਉਣ ਦੀ ਮੰਗ ਕਰ ਰਹੇ ਹਨ ਉਸ ਤੋਂ ਕਿਤੇ ਵੱਧ ਖਰਚ ਤਾਂ ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ’ਤੇ ਹੀ ਕਰ ਦਿੱਤਾ ਜਾਂਦਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ ਜੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਪਹਿਲਾਂ ਆ ਜਾਂਦਾ ਤਾਂ ਉਨ੍ਹਾਂ ਨੇ ਬਜਟ ਸੈਸ਼ਨ ਦੌਰਾਨ ਹੀ ਇਸ ਮੁੱਦੇ ਨੂੰ ਉਠਾ ਲੈਣਾ ਸੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਿਸਾਨ ਆਗੂ ਕਮਲਜੀਤ ਸਿੰਘ ਬਰਾੜ, ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਡਾ. ਸ਼ਿਵਮ ਅਤੇ ਡਾ. ਸਤਨਾਮ ਸਿੰਘ ਦੀ ਸਿਹਤ ਕੁੱਝ ਖਰਾਬ ਹੋਣ ’ਤੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਨ੍ਹਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।