ਕੁਲਦੀਪ ਸਿੰਘ਼
ਨਵੀਂ ਦਿੱਲੀ, 3 ਫਰਵਰੀ
ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ (ਦਿੱਲੀ ਯੂਨੀਵਰਸਿਟੀ), ਦੇਵ ਨਗਰ ਦੇ ਆਈ.ਕਿਊ.ਏ.ਸੀ. ਅਤੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਅਤੇ ਲਿਪੀ ਸਬੰਧੀ ਗੂਗਲ ਮੀਟ ’ਤੇ ਛੇ ਰੋਜ਼ਾ ਆਨਲਾਈਨ ਬ੍ਰਿਜ ਕੋਰਸ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕੋਰਸ ਦਾ ਸੰਚਾਲਨ ਡਾ. ਜਸਵਿੰਦਰ ਕੌਰ ਬਿੰਦਰਾ ਨੇ ਕੀਤਾ। ਪਹਿਲੇ ਦਿਨ ਕਾਲਜ ਦੇ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਇਸ ਆਨਲਾਈਨ ਬ੍ਰਿਜ ਕੋਰਸ ਦੇ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ।
ਕੋਰਸ ਦਾ ਆਰੰਭ ਕਰਦਿਆਂ ਡਾ. ਬਰਜਿੰਦਰ ਚੌਹਾਨ ਨੇੇ ਪੰਜਾਬੀ ਭਾਸ਼ਾ ਦੀ ਮਹੱਤਤਾ, ਇਸ ਵਿੱਚ ਫਾਰਸੀ ਦੇ ਸ਼ਬਦਾਂ ਦੀ ਸ਼ਮੂਲੀਅਤ ਤੇ ਪ੍ਰਮੁੱਖ ਧੁਨੀਆਂ ਬਾਰੇ ਜਾਣਕਾਰੀ ਦਿੱਤੀ। ਦੂਜੇ ਦਿਨ ਡਾ. ਵਿਨੈਨੀਤ ਨੇ ਪੈਂਤੀ ਅੱਖਰੀ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਸਵਰ ਤੇ ਵਿਅੰਜਨ ਧੁਨੀਆਂ ਦਾ ਉਚਾਰਨ ਅਤੇ ਸ਼ਬਦ ਜੋੜਾਂ ਦੇ ਨਿਯਮਾਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਤੀਜੇ ਦਿਨ ਡਾ. ਬੇਅੰਤ ਕੌਰ ਕਨਵੀਨਰ ਪੰਜਾਬੀ ਵਿਭਾਗ ਤੇ ਡਾ. ਤਰਵਿੰਦਰ ਕੌਰ ਨੇ ਇਸ ਕੜੀ ਦੌਰਾਨ ਸ਼ਬਦ ਦੀ ਪਰਿਭਾਸ਼ਾ, ਸ਼ਬਦ ਰਚਨਾ ਦੇ ਸਬੰਧ, ਮੂਲ ਰਚਿਤ ਸ਼ਬਦ, ਰੂਪ ਅਤੇ ਅਰਥਾਂ ਤੇ ਅਧਾਰ ’ਤੇ ਸ਼ਬਦ ਰਚਨਾ ਬਾਰੇ ਗੱਲ ਕੀਤੀ। ਡਾ. ਅਮਰਜੀਤ ਕੌਰ (ਅਮੀਆ ਕੁੰਵਰ) ਨੇ ਚੌਥੇ ਸੈਸ਼ਨ ਦੇ ਇਸ ਲੈਕਚਰ ਦੌਰਾਨ ਨਾਂਵ, ਪੜਨਾਵ, ਕਿਰਿਆ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਲਿੰਗ, ਵਚਨ, ਕਾਰਕ ਆਦਿ ਬਾਰੇ ਸਮਝਾਇਆ। ਪੰਜਵੇਂ ਸੈਸ਼ਨ ਵਿੱਚ ਡਾ. ਪਰਮਜੀਤ ਕੌਰ ਨੇ ਵਾਕ ਦੀ ਪਰਿਭਾਸ਼ਾ ਦੱਸਦਿਆਂ ਵਾਕ ਰਚਨਾ ਦੇ ਨੇਮਾਂ, ਬਣਤਰ, ਵਾਕ ਦੇ ਭੇਦਾਂ ਅਤੇ ਵਿਸ਼ਰਾਮ ਚਿੰਨ੍ਹਾਂ ਬਾਰੇ ਸਮਝਾਇਆ।
ਛੇਵੇਂ ਅਤੇ ਆਖਰੀ ਸੈਸ਼ਨ ਵਿਚ ਡਾ. ਜਸਵਿੰਦਰ ਬਿੰਦਰਾ ਨੇ ਸਿਰਜਨਾਤਮਕ ਲੇਖਣ ਬਾਰੇ ਜਾਣਕਾਰੀ ਦਿੰਦਿਆਂ ਲੇਖ, ਨਬਿੰਧ, ਇਨ੍ਹਾਂ ਵਿਚਲੇ ਅੰਤਰ, ਚਿੱਠੀ ਪੱਤਰ, ਬਿਨੈ ਪੱਤਰ, ਰਿਪੋਰਟ, ਪੈਰ੍ਹਾ ਰਚਨਾ ਤੇ ਫ਼ੀਚਰ ਲਿਖਣ ਸਬੰਧੀ ਨਿਯਮਾਂ ਤੋਂ ਜਾਣੂ ਕਰਵਾਇਆ। ਕਾਲਜ ਦੇ ਆਈਕਿਊਸੀਏ ਤੋਂ ਸ਼ਾਮਲ ਹੋਏ ਡਾ. ਅਭਿਸ਼ੇਕ ਵਰਮਾ ਨੇ ਕਿਹਾ, ਵਿਦਿਆਰਥੀਆਂ ਲਈ ਅਜਿਹੇ ਬ੍ਰਿਜ ਕੋਰਸ ਬਹੁਤ ਹੀ ਲਾਭਦਾਇਕ ਹੁੰਦੇ ਹਨ। ਅੰਤ ਵਿੱਚ ਡਾ. ਬਰਜਿੰਦਰ ਚੌਹਾਨ ਨੇ ਸਾਰੇ ਵਿਭਾਗ ਦਾ ਧੰਨਵਾਦ ਕੀਤਾ।