ਸਰਹੱਦੀ ਮਸਲੇ ਅਤੇ ਆਰਥਿਕਤਾ
12 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਰਣਜੀਤ ਸਿੰਘ ਘੁੰਮਣ ਦਾ ਲੇਖ ‘ਪੰਜਾਬ ’ਤੇ ਵਪਾਰ ਬੰਦੀ ਦੀ ਵਦਾਣੀ ਸੱਟ’ ਦੋਹਾਂ ਦੇਸ਼ਾਂ ਵਿਚ ਪੈਦਾ ਹੁੰਦੇ ਅਣਸੁਖਾਵੇਂ ਸਬੰਧਾਂ ਕਾਰਨ ਹੁੰਦੇ ਆਰਥਿਕ ਨੁਕਸਾਨ ਦੀ ਸਹੀ ਤਸਵੀਰ ਪੇਸ਼ ਕਰਦਾ ਹੈ। ਆਰਥਿਕ ਨੁਕਸਾਨ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਜੰਗੀ ਮਾਹੌਲ ਦੌਰਾਨ ਵੀ ਲੋਕ ਸਹਿਮ ਦੇ ਸਾਏ ਹੇਠ ਜਿਊਂਦੇ ਹਨ। ਜੰਗ ਦੇ ਦਿਨਾਂ ਵਿਚ ਤਾਂ ਉਨ੍ਹਾਂ ਨੂੰ ਆਪਣਾ ਘਰ ਬਾਹਰ ਛੱਡ ਕੇ ਕਿਸੇ ਸੁਰੱਖਿਅਤ ਸਥਾਨ ’ਤੇ ਪਨਾਹ ਲੈਣੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਦੇ ਮਾਲ-ਡੰਗਰ ਦੀ ਸਾਂਭ ਸੰਭਾਲ ਵਿਚ ਮੁਸ਼ਕਿਲ ਅਤੇ ਟਰੈਕਟਰ ਟਰਾਲੀਆਂ ’ਤੇ ਸਮਾਨ ਲਿਜਾਣ ਸਮੇਂ ਵੀ ਟੁੱਟ-ਭੱਜ ਹੁੰਦੀ ਹੈ; ਇਸ ਤੋਂ ਇਲਾਵਾ ਫ਼ਸਲਾਂ ਦੇ ਖ਼ਰਾਬੇ ਪੱਖੋਂ ਵੀ ਆਰਥਿਕ ਨੁਕਸਾਨ ਹੁੰਦਾ ਹੈ। ਇਸ ਲਈ ਹਿੰਦ-ਪਾਕਿਸਤਾਨ ਦੇ ਸਰਹੱਦੀ ਲੋਕ ਦੋਹਾਂ ਦੇਸ਼ਾਂ ਵਿਚਕਾਰ ਸੁਖਾਵੇਂ ਸਬੰਧ ਚਾਹੁੰਦੇ ਹਨ।
ਹਰਨੰਦ ਸਿੰਘ ਬੱਲਿਆਂਵਾਲਾ (ਤਰਨ ਤਾਰਨ)
ਬਿਹਾਰ ਚੋਣਾਂ ਦਾ ਮਤਲਬ
ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਐੱਨਡੀਏ ਇਕ ਵਾਰ ਫਿਰ ਨਿਤਿਸ਼ ਕੁਮਾਰ ਦੀ ਅਗਵਾਈ ਵਿਚ ਸਰਕਾਰ ਬਣਾ ਰਿਹਾ ਹੈ (ਭਾਜਪਾ ਸਿਆਸਤ ਦੀ ਜਿੱਤ, 12 ਨਵੰਬਰ)। ਇਸ ਜਿੱਤ ਦਾ ਸਿਹਰਾ ਬਿਨਾ ਸ਼ੱਕ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਜਾਂਦਾ ਹੈ ਜੋ ਵਿਆਪਕ ਪੱਧਰ ’ਤੇ ਸਿਆਸੀ ਝੂਠ ਬੋਲਣ ਵਿਚ ਹਿਟਲਰ ਦੇ ਮੰਤਰੀ ਗੋਇਬਲਸ ਤੋਂ ਵੀ ਅਗਾਂਹ ਹਨ। ਦੂਜਾ, ਜਾਤੀ ਅਤੇ ਫ਼ਿਰਕਾਪ੍ਰਸਤੀ ਫੈਲਾਉਣ ਵਾਲੀ ਪਾਰਟੀ ਨੂੰ ਤਾਂ ਜੋ ਲਾਭ ਮਿਲਦਾ ਹੈ, ਉਹ ਮਿਲਦਾ ਹੀ ਹੈ ਪਰ ਜਿਸ ਦੇ ਖ਼ਿਲਾਫ਼ ਨਫ਼ਰਤ ਭਰਿਆ ਪ੍ਰਚਾਰ ਕੀਤਾ ਜਾਂਦਾ ਹੈ, ਉਸ ਨੂੰ ਵੀ ਸੁਭਾਵਿਕ ਤੌਰ ’ਤੇ ਮਜ਼ਬੂਤੀ ਮਿਲਦੀ ਹੈ। ਇਸ ਦੀ ਮਿਸਾਲ ਅਸਦ-ਉਦ-ਦੀਨ ਓਵਾਇਸੀ ਦੀ ਪਾਰਟੀ ਹੈ। ਬਿਹਾਰ ਵਿਚ ਭਾਜਪਾ ਦੀ ਜਿੱਤ ਦੇ ਹੋਰ ਵੀ ਕਈ ਕਾਰਨ ਹਨ। ਉਂਜ ਬਿਹਾਰ ਚੋਣਾਂ ਦੇ ਸਾਕਾਰਾਤਮਕ ਪੱਖ ਚੰਗੇ ਭਵਿੱਖ ਦੀ ਆਸ ਵੀ ਬੰਨ੍ਹਾਉਂਦੇ ਹਨ। ਲੋਕ-ਪੱਖੀ ਤੇ ਵਿਕਾਸਮਈ ਏਜੰਡੇ ਅਤੇ ਪ੍ਰੋਗਰਾਮ ਦੇ ਪ੍ਰਚਾਰ ਦੇ ਦਮ ’ਤੇ ਮਹਾਂਗੱਠਬੰਧਨ ਦੀਆਂ ਭਾਈਵਾਲ ਪਾਰਟੀਆਂ ਵਿਚੋਂ 75 ਸੀਟਾਂ ਜਿੱਤ ਕੇ ਆਰਜੇਡੀ ਦਾ ਵੱਡੀ ਪਾਰਟੀ ਵਜੋਂ ਉੱਭਰਨਾ ਅਤੇ ਖੱਬੀਆਂ ਪਾਰਟੀਆਂ ਦਾ 3 ਸੀਟਾਂ ਤੋਂ 16 ਤਕ ਪਹੁੰਚਣਾ ਉਤਸ਼ਾਹਜਨਕ ਹੈ। ਮਹਾਂਗੱਠਬੰਧਨ ਦੀ ਕੌਮੀ ਭਾਈਵਾਲ ਪਾਰਟੀ ਕਾਂਗਰਸ ਨੂੰ ਆਮ ਲੋਕਾਂ ਅਤੇ ਦੇਸ਼ ਵਾਸੀਆਂ ਦੀ ਅਗਵਾਈ ਵਾਲਾ ਭਰੋਸਾ ਜਿੱਤਣ ਅਤੇ ਪਰਿਵਾਰਵਾਦ ਦਾ ਇਲਜ਼ਾਮ ਧੋਣ ਲਈ ਪਾਰਟੀ ਨੂੰ ਅੰਦਰੂਨੀ ਜਮਹੂਰੀਅਤ ਪ੍ਰਕਿਰਿਆ ਸ਼ੁਰੂ ਕਰਨ ਦੀ ਲੋੜ ਹੈ।
ਵਿਜੈ ਕੁਦਰਤਵਾਦੀ, ਨੰਗਲ
(2)
ਬਿਹਾਰ ਵਿਧਾਨ ਸਭਾ ਚੋਣਾਂ ਕਰੋਨਾ ਸਮੇਂ ਦੀ ਸਭ ਤੋਂ ਪਹਿਲੀ ਅਹਿਮ ਸਿਆਸੀ ਘਟਨਾ ਹੈ। ਬਿਹਾਰ ਦੀਆਂ ਚੋਣਾਂ ਵਿਚ ਭਾਜਪਾ ‘ਚੌਥੀ’ ਵਾਰ ਜਿੱਤ ਗਈ ਹੈ। ਪਿਛਲੀਆਂ ਚੋਣਾਂ ਵਿਚ ਭਾਜਪਾ ਹਾਰੀ ਸੀ ਪਰ ਦੋ ਸਾਲ ਬਾਅਦ ਨਿਤੀਸ਼ ਕੁਮਾਰ ਦੀ ਪਲਟੀ ਨੇ ਜਿੱਤ ਵਿਚ ਬਦਲ ਦਿੱਤੀ ਸੀ। ਵੱਖ ਵੱਖ ਸਾਧਨਾਂ ਤੋਂ ਮਿਲ ਰਹੀ ਜਾਣਕਾਰੀ ਅਨੁਸਾਰ ਬਿਹਾਰ ਐਤਕੀਂ ਤਬਦੀਲੀ ਵੱਲ ਜੂਝ ਰਿਹਾ ਸੀ ਪਰ ਹਾਲਤ ਨਾਟਕੀ ਘਟਨਾ ਵਾਲੀ ਬਣ ਗਈ। ਨਿਤੀਸ਼ ਕੁਮਾਰ ਦੀ ਪਾਰਟੀ ਬੌਣੀ ਹੋਈ ਪਰ ਭਾਜਪਾ ਦੇ ਵੱਡੀ ਹੋਣ ਕਾਰਨ ਸਫ਼ਲਤਾ ਮਿਲ ਗਈ। ਨਿਤੀਸ਼ ਜਿੱਤਿਆ ਵੀ ਤੇ ਹਾਰਿਆ ਵੀ। ਤੇਜਸਵੀ ਯਾਦਵ ਨੇ ਵੀ ਆਪਣਾ ਕ੍ਰਿਸ਼ਮਾ ਦਿਖਾ ਦਿੱਤਾ ਹੈ। ਲਾਲ ਝੰਡਾ ਬੁਲੰਦ ਹੋਇਆ ਹੈ। ਅਸਦ-ਉਦ-ਦੀਨ ਓਵਾਇਸੀ ਦੀ ਜਿੱਤ ਨੇ ਭਾਜਪਾ ਦਾ ਏਜੰਡਾ ਸਫ਼ਲ ਬਣਾ ਦਿੱਤਾ ਹੈ। ਹਾਰ ਕੇਵਲ ਕਾਂਗਰਸ ਦੀ ਹੋਈ ਹੈ। ਚੰਗੀ ਗੱਲ ਇਹ ਹੋਈ ਹੈ ਕਿ ਬਿਹਾਰ ਵਿਧਾਨ ਸਭਾ ਵਿਚ ਹੋਣ ਵਿਰੋਧੀ ਧਿਰ ਇਸ ਕਦਰ ਮਜ਼ਬੂਤ ਹੈ ਕਿ ਉਸ ਦੀ ਆਵਾਜ਼ ਹੁਣ ਭਾਰਤ ਵਿਚ ਵੀ ਸੁਣਾਈ ਦੇਵੇਗੀ। ਪਾਰਲੀਮੈਂਟ ਵਿਚ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ ਤਾਂ ਜੋ ਸਰਕਾਰ ਮਨਮਾਨੀਆਂ ਨਾ ਕਰ ਸਕੇ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਦਿੱਲੀ ਦੀਆਂ ਨਜ਼ਰਾਂ
12 ਨਵੰਬਰ ਦੇ ਸੰਪਾਦਕੀ ‘ਦਿੱਲੀ ਦਾ ਇਨਕਾਰ’ ਵਿਚ ਜੋ ਲਿਖਿਆ ਗਿਆ ਹੈ, ਉਹ ਬਿਲਕੁੱਲ ਸੱਚ ਹੈ। ਮੋਦੀ ਸਰਕਾਰ ਜਦੋਂ ਦੀ ਬਣੀ ਹੈ, ਉਸ ਸਮੇਂ ਤੋਂ ਹੀ ਇਸ ਦੀਆਂ ਨਜ਼ਰਾਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਕਿਸਾਨੀ ਨੂੰ ਢਾਹੁਣ ’ਤੇ ਲੱਗੀਆਂ ਹੋਈਆਂ ਹਨ। ਕਦੇ ਪੰਜਾਬੀ ਨੂੰ ਜੰਮੂ ਕਸ਼ਮੀਰ ਵਿਚੋਂ ਕੱਢਣ, ਕਦੇ ਕਿਸਾਨੀ ਨੂੰ ਖ਼ਤਮ ਕਰਨ ਦਾ ਫ਼ਤਵਾ ਦਿੱਲੀ ਤੋਂ ਸੁਣਾ ਦਿੱਤਾ ਜਾਂਦਾ ਹੈ। ਜੇਕਰ ਅੱਜ ਕਿਸਾਨ ਆਪਣਾ ਹੱਕ ਮੰਗਣ ਲਈ ਰੋਸ ਧਰਨੇ ਤੇ ਮੁਜ਼ਾਹਰੇ ਕਰਨ ਲਈ ਦਿੱਲੀ ਜਾਣ ਲਈ ਤਿਆਰ ਹੋਏ ਹਨ ਤਾਂ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਕੀ ਹੁਣ ਦੇਸ਼ ਨੂੰ ਪੰਜਾਬ ਤੋਂ ਅੰਨ ਲੈਣ ਦੀ ਜ਼ਰੂਰਤ ਨਹੀਂ ਪਵੇਗੀ?
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)