ਜੋਗਿੰਦਰ ਸਿੰਘ ਮਾਨ
ਮਾਨਸਾ, 10 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਆਖਿਆ ਕਿ ਬੁਢਲਾਡਾ ਵਿੱਚ ਰੇਲ ਪਟੜੀਆਂ ’ਤੇ ਦਿੱਤੇ ਧਰਨੇ ਦੌਰਾਨ ਜਿਹੜੀ ਮਾਤਾ ਤੇਜ ਕੌਰ ਬੀਤੀ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ, ਉਸ ਦੇ ਸਸਕਾਰ ਲਈ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਸਾਹਮਣੇ ਤਿੰਨ ਮੰਗਾਂ ਦਾ ਪ੍ਰਸਤਾਵ ਰੱਖ ਦਿੱਤਾ ਹੈ ਅਤੇ ਉਸ ਤੋਂ ਬਾਅਦ ਹੀ ਇਹ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਤੇਜ ਕੌਰ ਨੂੰ ਖੇਤੀ ਅੰਦੋਲਨ ਦੀ ਪਹਿਲੀ ਮਹਿਲਾ ਸ਼ਹੀਦ ਐਲਾਨਿਆ ਹੈ।
ਉਨ੍ਹਾਂ ਅੱਜ ਇਥੇ ਦੱਸਿਆ ਕਿ ਤੇਜ ਕੌਰ (83) ਲਗਾਤਾਰ ਕਿਸਾਨੀ ਅੰਦੋਲਨਾਂ ਵਿੱਚ ਭਾਗ ਲੈ ਕੇ ਹੋਰਨਾਂ ਔਰਤਾਂ ਨੂੰ ਵੀ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਬੇਸ਼ੱਕ ਉਹ ਅਕਾਲ ਚਲਾਣਾ ਕਰ ਗਏ ਹਨ, ਪਰ ਉਨ੍ਹਾਂ ਦਾ ਪਰਿਵਾਰ ਜਥੇਬੰਦੀ ਨਾਲ ਖੜ੍ਹਾ ਹੈ ਅਤੇ ਮਾਤਾ ਤੇਜ ਕੌਰ ਦੀ ਸ਼ਹੀਦੀ ’ਤੇ ਮਾਣ ਮਹਿਸੂਸ ਕਰਨ ਲੱਗਿਆ ਹੈ।
ਕਿਸਾਨ ਆਗੂ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਮਾਨਸਾ ਦੇ ਡਿਪਟੀ ਕਮਿਸ਼ਨਰ ਕੋਲ ਜਥੇਬੰਦੀ ਵੱਲੋਂ ਸਸਕਾਰ ਤੋਂ ਪਹਿਲਾਂ 10 ਲੱਖ ਰੁਪਏ, ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਦੀ ਮੁਆਫ਼ੀ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਸ਼ਰਤ ਰੱਖੀ ਗਈ ਹੈ। ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਦਸਵੀਂ ਬਰਸੀ ਇਸ ਵਾਰ ਜਥੇਬੰਦੀ ਵੱਲੋਂ ਰੇਲ ਪਟੜੀਆਂ ’ਤੇ ਦਿੱਤੇ ਜਾ ਰਹੇ ਧਰਨੇ ਦੌਰਾਨ ਮਾਨਸਾ ਸਮੇਤ ਬੁਢਲਾਡਾ ਅਤੇ ਬਰੇਟਾ ’ਚ ਮਨਾਈ ਜਾਵੇਗੀ।