ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 19 ਮਈ
ਭਾਰਤ ਮਾਲਾ ਪ੍ਰਾਜੈਕਟ ਅਧੀਨ ਪ੍ਰਸਤਾਵਿਤ ਐਕਸਪ੍ਰੈੱਸ ਹਾਈਵੇ ਲਈ ਕੌਡੀਆਂ ਦੇ ਭਾਅ ਕਿਸਾਨਾਂ ਤੋਂ ਜ਼ਮੀਨਾਂ ਲੁੱਟਣ ਖ਼ਿਲਾਫ਼ 57 ਦਿਨਾਂ ਤੋਂ ਰੋਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਚੱਲ ਰਹੇ ਧਰਨੇ ਦੇ ਬਾਵਜੂਦ ਘੇਸਲ ਵੱਟ ਕੇ ਬੈਠੀ ਪੰਜਾਬ ਸਰਕਾਰ ਵਿਰੁੱਧ ਅੱਜ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ। ਪਿੰਡ ਗੁੱਜਰਵਾਲ ਦੇ ਗੁਰਦੁਆਰੇ ਵਿੱਚ ਜ਼ਿਲ੍ਹਾ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਮਾਲ ਅਫ਼ਸਰਾਂ ਅਤੇ ਐਸ.ਡੀ.ਐਮ ਵੱਲੋਂ ਕਿਸਾਨਾਂ ਨੂੰ ਧਮਕਾਉਣ ਲਈ ਅਖ਼ਬਾਰਾਂ ਵਿਚ ਜਾਰੀ ਕੀਤੇ ਨੋਟਿਸ ਵਾਪਸ ਲੈ ਕੇ ਮੁੱਖ ਮੰਗਾਂ ਇਕ ਹਫ਼ਤੇ ਵਿਚ ਮੰਨਣ ਦਾ ਐਲਾਨ ਨਾ ਕੀਤਾ ਤਾਂ ਕਿਸਾਨ ਸਖ਼ਤ ਐਕਸ਼ਨ ਲਈ ਮਜਬੂਰ ਹੋਣਗੇ। ਕਿਸਾਨ ਆਗੂ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈਣ ਦੀ ਥਾਂ ਗੱਲਬਾਤ ਰਾਹੀਂ ਹੱਲ ਕਰੇ। ਉਨ੍ਹਾਂ ਕਿਹਾ ਕਿ ਹੁਣ ਤੱਕ ਉੱਚ ਪੱਧਰੀ ਤਿੰਨ ਮੀਟਿੰਗਾਂ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰੈਕਟਰ ਰੈਲੀ ਅਤੇ ਚੱਕਾ ਜਾਮ ਤੋਂ ਬਾਅਦ 4 ਮਈ ਨੂੰ ਤੈਅ ਕੀਤੀ ਮੀਟਿੰਗ ਤੋਂ ਪੈਰ ਪਿਛਾਂਹ ਖਿੱਚਣ ਕਾਰਨ ਕਿਸਾਨਾਂ ਵਿਚ ਬੇਭਰੋਸਗੀ ਵਧਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਰੇਟ ਤੋਂ ਚਾਰ ਗੁਣਾ ਭਾਅ, ਕਿਸਾਨਾਂ ਦੀ ਸਹਿਮਤੀ ਬਿਨਾ ਜਾਰੀ ਨਿਰਨੇ ਰੱਦ ਕਰਨ ਦੀ ਮੰਗ ਕੀਤੀ ਤੇ ਮੀਟਿੰਗ ਵਿਚ ਸਰਵਿਸ ਰੋਡ ਅਤੇ ਅੰਡਰ ਪਾਸ ਦੀ ਸਹੂਲਤ ਸਮੇਤ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਗਲੌਲੀ, ਗੁਰਦਿਆਲ ਸਿੰਘ ਬੁੱਟਰ, ਗੁਰਜੀਤ ਸਿੰਘ ਰੋਪੜ, ਜਗਜੀਤ ਸਿੰਘ ਜਲੰਧਰ, ਪ੍ਰਭਦਿਆਲ ਸਿੰਘ ਕਪੂਰਥਲਾ ਸਮੇਤ ਹੋਰ ਪ੍ਰਮੁੱਖ ਆਗੂ ਵੀ ਹਾਜ਼ਰ ਸਨ।