ਰਵੇਲ ਸਿੰਘ ਭਿੰਡਰ
ਪਟਿਆਲਾ, 10 ਅਕਤੂਬਰ
ਪੰਜਾਬ ਵਿੱਚ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਅਡਾਨੀ ਤੇ ਅੰਬਾਨੀ ਗਰੁੱਪਾਂ ਖ਼ਿਲਾਫ਼ ਰੋਹ ਸਿਖ਼ਰ ’ਤੇ ਹੈ। ਇਸ ਦੇ ਬਾਵਜੂਦ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਪਾਵਰ ਪ੍ਰਾਜੈਕਟਾਂ ਤੋਂ ਪੰਜਾਬ ਨਿਰੰਤਰ ਬਿਜਲੀ ਖਰੀਦ ਰਿਹਾ ਹੈ। ਉਧਰ ਪਾਵਰਕੌਮ ਨੇ ਕੋਲੇ ਦੀ ਘਾਟ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਦੋ ਹਫ਼ਤੇ ਕੋਲੇ ਦਾ ਕੋਈ ਸੰਕਟ ਪੈਦਾ ਨਹੀਂ ਹੋ ਸਕਦਾ।
ਦੱਸਣਯੋਗ ਹੈ ਕਿਸਾਨਾਂ ’ਚ ਕੇਂਦਰ ਖ਼ਿਲਾਫ਼ ਗੁੱਸੇ ਦੀ ਲਹਿਰ ਦੇ ਨਾਲ-ਨਾਲ ਅਡਾਨੀ ਤੇ ਅੰਬਾਨੀ ਵਿਰੁੱਧ ਵੀ ਰੋਸ ਦਿਨ-ਬ-ਦਿਨ ਵਧ ਰਿਹਾ, ਜਿਸ ਕਾਰਨ ਪੰਜਾਬ ਵਿੱਚ ਇਨ੍ਹਾਂ ਦੋਹਾਂ ਕਾਰਪੋਰੇਟ ਘਰਾਣਿਆਂ ਦੇ ਵੱਖ-ਵੱਖ ਯੂਨਿਟ ਪਿਛਲੇ ਕਈ ਦਿਨਾਂ ਤੋਂ ਠੱਪ ਹਨ।
ਸੂਬੇ ਵਿੱਚ ਬਣੇ ਇਨ੍ਹਾਂ ਹਾਲਾਤਾਂ ਦੇ ਬਾਵਜੂਦ ਅਡਾਨੀਆਂ ਤੇ ਅੰਬਾਨੀਆਂ ਦੀ ਮਾਲਕੀ ਵਾਲੇ ਪਾਵਰ ਪ੍ਰਾਜੈਕਟਾਂ ਤੋਂ ਨਿਰੰਤਰ ਬਿਜਲੀ ਆ ਰਹੀ ਹੈ, ਜਿਸ ਨੂੰ ਪੰਜਾਬ ਸਰਕਾਰ ਬਿਜਲੀ ਸਮਝੌਤਿਆਂ ਤਹਿਤ ਖਰੀਦ ਰਹੀ ਹੈ। ਵੇਰਵਿਆਂ ਮੁਤਾਬਿਕ ਅੰਬਾਨੀ ਗਰੁੱਪ ਦੀ ਮਾਲਕੀ ਹੇਠਲੇ ਰਿਲਾਇੰਸ ਤੋਂ ਪੰਜਾਬ ਰੋਜ਼ਾਨਾ 550 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ। ਪੰਜਾਬ ਨੇ ਬਿਜਲੀ ਸਮਝੌਤਿਆਂ ਤਹਿਤ 2038 ਤੱਕ ਲਗਾਤਾਰ ਅੰਬਾਨੀ ਗਰੁੱਪ ਪਾਸੋਂ ਬਿਜਲੀ ਖਰੀਦਣੀ ਹੈ।
ਇਸੇ ਤਰ੍ਹਾਂ ਅਡਾਨੀ ਦੀ ਮਾਲਕੀ ਵਾਲੇ ਵਿੰਡ ਪਾਵਰ ਪ੍ਰਾਜੈਕਟ ਗੁਜਰਾਤ ਪਾਸੋਂ ਪੰਜਾਬ ਰੋਜ਼ਾਨਾ 50 ਮੈਗਾਵਾਟ ਬਿਜਲੀ 2034 ਤਕ ਖਰੀਦੇਗਾ। ਟਾਟਾ ਮੁਦਰਾ ਪਾਵਰ ਪ੍ਰਾਜੈਕਟ ਪਾਸੋਂ ਪੰਜਾਬ ਰੋਜ਼ਾਨਾ 475 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ ਤੇ ਇਹ ਬਿਜਲੀ 2038 ਤੱਕ ਖਰੀਦੀ ਜਾਵੇਗੀ।
ਉਧਰ ਬਿਜਲੀ ਦੀ ਖਰੀਦ ਅਨੁਸਾਰ ਵੇਖਿਆ ਜਾਵੇ ਤਾਂ ਕਾਰਪੋਰੇਟ ਖੇਤਰ ਦੇ ਵੱਡੇ ਘਰਾਣਿਆਂ ਨੂੰ ਜੜ੍ਹਾਂ ਤੋਂ ਹਿਲਾਉਣਾ ਸੌਖਾ ਨਹੀਂ, ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਨਾਲ ਵੱਡੇ ਪੱਧਰ ’ਤੇ ਬਿਜਲੀ ਸਮਝੌਤੇ ਕੀਤੇ ਹੋਏ ਹਨ। ਇਸ ਮਾਮਲੇ ’ਤੇ ਕੁਝ ਕਿਸਾਨ ਆਗੂਆਂ ਨੇ ਫਿਲਹਾਲ ਚੁੱਪ ਵੱਟਣੀ ਹੀ ਮੁਨਾਸਬਿ ਸਮਝੀ ਹੈ ਪਰ ਸੂਤਰਾਂ ਮੁਤਾਬਿਕ ਅੰਦੋਲਨ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਅਜਿਹੇ ਏਜੰਡੇ ਨੂੰ ਅੰਦਰਖ਼ਾਤੇ ਵਿਚਾਰ ਰਹੀਆਂ ਹਨ।
ਪੰਜਾਬ ਵਿੱਚ ਕੋਲੇ ਦੇ ਤਸੱਲੀਬਖ਼ਸ਼ ਭੰਡਾਰ: ਡਾਇਰੈਕਟਰ
ਪਾਵਰਕੌਮ ਦੇ ਡਾਇਰੈਕਟਰ ‘ਵੰਡ’ ਡੀ.ਆਈ.ਐੱਸ. ਗਰੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕੋਲ ਕੋਲੇ ਦੇ ਅਗਲੇ 11-12 ਦਿਨ ਲਈ ਭੰਡਾਰ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਘਟਣ ਕਾਰਨ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਬੰਦ ਹਨ, ਫਿਰ ਵੀ ਜੇ ਇਨ੍ਹਾਂ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਦੀ ਨੌਬਤ ਆਈ ਤਾਂ ਛੇ ਦਿਨ ਤੱਕ ਕੋਲੇ ਦੀ ਸਮੱਸਿਆ ਨਹੀਂ ਆਵੇਗੀ। ਇਸ ਤੋਂ ਇਲਾਵਾ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਕੋਲ ਵੀ ਤਿੰਨ ਚਾਰ ਦਿਨ ਦਾ ਭੰਡਾਰ ਮੌਜੂਦ ਹੈ। ਇਹ ਵੀ ਪਤਾ ਲੱਗਾ ਹੈ ਕਿ ਗੋਇੰਦਵਾਲ ਸਾਹਿਬ ਪਲਾਂਟ ਕੋਲ ਇੱਕ ਦਿਨ ਦਾ ਹੀ ਕੋਲਾ ਬਚਿਆ ਹੈ, ਇਸ ਪਲਾਂਟ ਨੂੰ ਕਿਸੇ ਵੇਲੇ ਵੀ ਬੰਦ ਕਰਨਾ ਪੈ ਸਕਦਾ ਹੈ। ਇਸ ਪਲਾਂਟ ਦੀ ਇਸ ਵੇਲੇ ਇੱਕ ਯੂਨਿਟ ਹੀ ਕਾਰਜਸ਼ੀਲ ਹੈ।