ਪਾਲ ਸਿੰਘ ਨੌਲੀ
ਜਲੰਧਰ, 18 ਜੂਨ
ਅਗਨੀਪਥ ਸਕੀਮ ਤਹਿਤ ਫ਼ੌਜ ਵਿੱਚ ਸਿਰਫ਼ ਚਾਰ ਸਾਲਾਂ ਦੀ ਭਰਤੀ ਕਰਨ ਖ਼ਿਲਾਫ਼ ਨੌਜਵਾਨਾਂ ਵੱਲੋਂ ਸਾਢੇ ਚਾਰ ਘੰਟਿਆਂ ਤੱਕ ਨੈਸ਼ਨਲ ਹਾਈਵੇਅ ਜਾਮ ਰੱਖਿਆ ਗਿਆ ਜਿਸ ਕਾਰਨ ਜਾਮ ਲੱਗ ਗਿਆ ਜਿਸ ’ਚ ਫਸੇ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਵਿੱਚੋਂ ਲੰਘਣਾ ਪਿਆ। ਡਲਹੌਜ਼ੀ ਤੋਂ ਗਰਮੀਆਂ ਦੀਆਂ ਛੁੱਟੀਆ ਮਨਾ ਕੇ ਆਇਆ ਪਰਿਵਾਰ ਜਿਸ ਨੇ ਲੁਧਿਆਣੇ ਜਾਣਾ ਸੀ, ਇਸ ਜਾਮ ਵਿੱਚ ਫਸ ਗਿਆ। ਲੁਧਿਆਣਾ ਪਹੁੰਚਣ ਲਈ ਉਨ੍ਹਾਂ ਨੂੰ ਸਿਰਫ਼ ਇੱਕ ਘੰਟਾ ਹੀ ਲੱਗਣਾ ਸੀ ਪਰ ਜਾਮ ਵਿੱਚ ਸਾਢੇ ਚਾਰ ਘੰਟੇ ਫਸਣ ਨਾਲ ਡਲਹੌਜ਼ੀ ਵਿੱਚ ਕੱਟੀਆਂ ਛੁੱਟੀਆਂ ਦਾ ਮਜ਼ਾ ਕਿਰਕਿਰਾ ਹੋ ਗਿਆ। ਹਾਲਾਂਕਿ ਇਸ ਪਰਿਵਾਰ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਪਰ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ। ਸ਼ਾਮ ਹੁੰਦੇ-ਹੁੰਦੇ ਜਾਮ ਵਾਲੀ ਥਾਂ ’ਤੇ ਖਾਣ-ਪੀਣ ਵਾਲਾ ਸਾਮਾਨ ਵੇਚਣ ਵਾਲੇ ਵੀ ਪਹੁੰਚ ਗਏ ਸਨ।
ਕਈ ਅਜਿਹੇ ਲੋਕ ਵੀ ਸਨ ਜਿਨ੍ਹਾਂ ਅੰਮ੍ਰਿਤਸਰ ਤੇ ਦਿੱਲੀ ਏਅਰਪੋਰਟ ਜਾਣਾ ਸੀ ਜਿਨ੍ਹਾਂ ਦੀਆਂ ਫਲਾਈਟਾਂ ਵੀ ਛੁੱਟ ਗਈਆਂ। ਇਸ ਜਾਮ ਵਿੱਚ ਦਿੱਲੀ ਏਅਰਪੋਰਟ ਜਾਣ ਵਾਲੀ ਇੱਕ ਨਿੱਜੀ ਕੰਪਨੀ ਦੀ ਬੱਸ ਵੀ ਸਾਢੇ ਚਾਰ ਘੰਟੇ ਫਸੀ ਰਹੀ।
ਧਰਨੇ ਵਿੱਚ ਬੈਠੇ ਨੌਜਵਾਨਾਂ ਨੇ ਕਿਹਾ ਕਿ ਉਹ ਦੇਸ਼ ਦੀ ਸੁਰੱਖਿਆ ਪ੍ਰਣਾਲੀ ਨੂੰ ਠੇਕੇ ’ਤੇ ਨਹੀਂ ਹੋਣ ਦੇਣਗੇ ਜਿਹੜੀ ਜਾਨ ਬਰਡਰਾਂ `ਤੇ ਜਾ ਕੇ ਦੇਣੀ ਸੀ ਉਹ ਇਸ ਕੇਂਦਰੀ ਸਰਕਾਰ ਨੂੰ ਮਨਮਾਨੀਆਂ ਕਰਨ ਤੋਂ ਰੋਕਣ ਲਈ ਕੁਰਬਾਨ ਕਰ ਦੇਵਾਂਗੇ।
ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਨੌਜਵਾਨਾਂ ਕੋਲੋਂ ਮੰਗ ਪੱਤਰ ਲੈ ਲਿਆ ਗਿਆ ਸੀ ਤੇ ਮੁੱਖ ਮੰਤਰੀ ਪੰਜਾਬ ਨਾਲ ਵੀ ਗੱਲਬਾਤ ਹੋ ਗਈ ਸੀ ਤਾਂ ਕਾਫ਼ੀ ਨੌਜਵਾਨ ਤਾਂ ਆਪੋ-ਆਪਣੇ ਘਰਾਂ ਨੂੰ ਚਲੇ ਗਏ ਸਨ ਪਰ ਕਈਆਂ ਨੇ ਸੜਕ ਤੋਂ ਉੱਠਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਜ਼ਰੂਰ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ।