ਸਤਬਿੀਰ ਸਿੰਘ/ ਗੁਰਮਲਕੀਅਤ ਸਿੰਘ ਕਾਹਲੋਂ
ਬਰੈਂਪਟਨ/ ਵੈਨਕੂਵਰ, 23 ਅਪਰੈਲ
ਮੁੱਖ ਅੰਸ਼
- ਕੈਨੇਡਾ ਸਰਕਾਰ ਨੇ ਕਰੋਨਾ ਖ਼ਿਲਾਫ਼ ਚੁੱਕਿਆ ਸਖ਼ਤ ਕਦਮ
- ਮਹੀਨੇ ਭਰ ਲਈ ਉਡਾਣਾਂ ਬੰਦ
ਕੈਨੇਡਾ ਸਰਕਾਰ ਨੇ ਕੋਵਿਡ-19 ਦੇ ਵਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਭਾਰਤ ਅਤੇ ਪਾਕਿਸਤਾਨ ਤੋਂ ਕੈਨੇਡਾ ਪੁੱਜਣ ਵਾਲੀਆਂ ਉਡਾਣਾਂ ’ਤੇ 30 ਦਿਨਾਂ ਲਈ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡਾ ਦੀ ਫੈਡਰਲ ਸਰਕਾਰ ਦੇ ਟਰਾਂਸਪੋਰਟ ਮੰਤਰੀ ਓਮੇਰ ਅਲਗਾਬਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਵਿੱਚ, 50 ਫ਼ੀਸਦੀ ਤੱਕ ਯਾਤਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜਦਕਿ ਉਨ੍ਹਾਂ ਕੋਲ ਆਪਣੇ ਦੇਸ਼ ਵਿੱਚੋਂ ਆਉਣ ਵਾਲੇ ਕਰੋਨਾ ਨੈਗੇਟਿਵ ਦੇ ਸਰਟੀਫ਼ਿਕੇਟ ਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ 100 ਦੇ ਕਰੀਬ ਵਿਦੇਸ਼ਾਂ ਤੋਂ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਉਤਰੀਆਂ ਫਲਾਈਟਾਂ ਵਿੱਚੋਂ ਇਕ-ਇਕ ਜਾਂ ਇਕ ਤੋਂ ਵੱਧ ਕੇਸ ਕੋਵਿਡ ਪੀੜਤ ਪਾਏ ਗਏ ਹਨ। ਇਸ ਦਾ ਕੈਨੇਡਾ ਦੀ ਫੈਡਰਲ ਸਰਕਾਰ ਨੇ ਸਖ਼ਤ ਨੋਟਿਸ ਲਿਆ। ਇਨ੍ਹਾਂ ਵਿੱਚ 32 ਉਡਾਣਾਂ ਭਾਰਤ ਤੋਂ ਏਥੇ ਪੁੱਜੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਕੈਨੇਡਾ ਦੇ ਸਿਹਤ ਵਿਭਾਗ ’ਤੇ ਦਬਾਅ ਬਹੁਤ ਵਧ ਗਿਆ ਹੈ। ਸ੍ਰੀ ਅਲਗਾਬਰਾ ਨੇ ਐਲਾਨ ਕੀਤਾ ਕਿ ਕਮਰਸ਼ੀਅਲ ਤੇ ਯਾਤਰੀ ਉਡਾਣਾਂ ਜੋ ਭਾਰਤ ਅਤੇ ਪਾਕਿਸਤਾਨ ਤੋਂ ਇਥੇ ਪੁੱਜਣੀਆਂ ਸਨ, ਨੂੰ 30 ਦਿਨਾਂ ਲਈ ਰੱਦ ਕੀਤਾ ਜਾਂਦਾ ਹੈ, ਜਦਕਿ ਇਨ੍ਹਾਂ ਵਿੱਚ ਕਾਰਗੋ ਉਡਾਣਾਂ ਸ਼ਾਮਲ ਨਹੀਂ ਹਨ। ਫੈਡਰਲ ਸਰਕਾਰ ਦੇ ਸਿਹਤ ਮੰਤਰੀ ਪੈਟੀ ਹਜਡੂ ਨੇ ਕਿਹਾ ਕਿ ਇਨ੍ਹਾਂ ਉਡਾਣਾਂ ਵਿੱਚ 1.8 ਫੀਸਦੀ ਕੇਸ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਤੋਂ ਅਲਬਰਟਾ ਵਿੱਚ ਆਇਆ ਇਕ ਯਾਤਰੀ ਵੀ ਪਾਜ਼ੇਟਿਵ ਆਇਆ ਹੈ। ਇਸੇ ਤਰ੍ਹਾਂ 29 ਕੇਸ ਕਿਊਬਿਕ ਵਿੱਚ ਵੀ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ 40 ਅਜਿਹੇ ਦੇਸ਼ਾਂ ਦਾ ਨੋਟਿਸ ਲਿਆ ਹੈ ਜਿਨ੍ਹਾਂ ਵਿੱਚ ਕੋਵਿਡ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਕੈਨੇਡਾ ਸਰਕਾਰ ਅਜਿਹੇ ਦੇਸ਼ਾਂ ਦੀਆਂ ਫਲਾਈਟਾਂ ਰੱਦ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ।
ਵਾਸ਼ਿੰਗਟਨ: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਮਾਲਦੀਵ ਦੀ ਯਾਤਰਾ ਤੋਂ ਪਰਹੇਜ਼ ਕਰਨ ਦਾ ਮਸ਼ਵਰਾ ਦਿੱਤਾ ਹੈ। ਅਜਿਹਾ ਖੇਤਰ ਵਿਚ ਕਰੋਨਾ ਦੇ ਕੇਸਾਂ ਦੀ ਗਿਣਤੀ ਵਿਚ ਹੋਏ ਭਾਰੀ ਵਾਧੇ ਦੇ ਮੱਦੇਨਜ਼ਰ ਕੀਤਾ ਗਿਆ ਹੈ। ਬੀਤੇ ਦਿਨ ਯਾਤਰਾ ਸਬੰਧੀ ਲੜੀਵਾਰ ਜਾਰੀ ਕੀਤੀਆਂ ਗਈਆਂ ਐਡਵਾਈਜ਼ਰੀਜ਼ ਵਿਚ ਅਧਿਕਾਰੀਆਂ ਨੇ ਅਮਰੀਕੀਆਂ ਨੂੰ ਚੀਨ ਤੇ ਨੇਪਾਲ ਦੀ ਯਾਤਰਾ ਕਰਨ ਤੋਂ ਪਹਿਲਾਂ ਮੁੜ ਵਿਚਾਰ ਕਰਨ, ਸ੍ਰੀਲੰਕਾ ਦੀ ਯਾਤਰਾ ਦੌਰਾਨ ਵਧੇਰੇ ਚੌਕਸੀ ਵਰਤਣ ਅਤੇ ਭੁਟਾਨ ਦੀ ਯਾਤਰਾ ਦੌਰਾਨ ਆਮ ਅਹਿਤਿਆਤ ਵਰਤਣ ਲਈ ਕਿਹਾ ਹੈ। -ਪੀਟੀਆਈ
ਭਾਰਤ-ਦੁਬਈ ਯਾਤਰਾ ’ਤੇ ਰੋਕ ਦੇ ਫ਼ੈਸਲੇ ਕਾਰਨ ਲੋਕਾਂ ’ਚ ਆਪੋ-ਆਪਣੇ ਘਰ ਪਹੁੰਚਣ ਦੀ ਕਾਹਲ
ਦੁਬਈ: ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਰੋਕ ਲਾਉਣ ਸਬੰਧੀ ਸੰਯੁਕਤ ਅਰਬ ਅਮੀਰਾਤ ਦੇ ਫ਼ੈਸਲੇ ਕਾਰਨ ਲੋਕਾਂ ਦੀਆਂ ਸਫ਼ਰ ਸਬੰਧੀ ਯੋਜਨਾਵਾਂ ਵੱਡੀ ਪੱਧਰ ’ਤੇ ਪ੍ਰਭਾਵਿਤ ਹੋਈਆਂ ਹਨ ਅਤੇ ਲੋਕਾਂ ਵੱਲੋਂ ਇਹ ਪਾਬੰਦੀਆਂ ਲਾਗੂ ਹੋਣ ਤੋਂ ਪਹਿਲਾਂ-ਪਹਿਲਾਂ ਆਪੋ-ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਵੱਲੋਂ ਇਹ ਫ਼ੈਸਲਾ ਭਾਰਤ ਵਿਚ ਕਰੋਨਾਵਾਇਰਸ ਸਬੰਧੀ ਹਾਲਾਤ ਕਾਫੀ ਵਿਗੜਨ ਕਰ ਕੇ ਲਿਆ ਗਿਆ ਹੈ। ਗਲਫ਼ ਨਿਊਜ਼ ਦੀ ਖ਼ਬਰ ਅਨੁਸਾਰ ਯੂਏਈ ਨੇ ਐਤਵਾਰ ਤੋਂ ਭਾਰਤ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਦਸ ਦਿਨਾਂ ਲਈ ਰੋਕ ਲਾਉਣ ਦਾ ਫ਼ੈਸਲਾ ਲਿਆ ਹੈ। ਇਹ ਪਾਬੰਦੀ ਭਲਕੇ 24 ਅਪਰੈਲ ਰਾਤ 11.59 ਵਜੇ ਤੋਂ ਲਾਗੂ ਹੋ ਜਾਵੇਗੀ ਅਤੇ ਦਸ ਦਿਨਾਂ ਬਾਅਦ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਹਟਾਈ ਜਾਵੇਗੀ। ਹਾਲਾਂਕਿ, ਇਥੋਂ ਭਾਰਤ ਜਾਣ ਵਾਲੀਆਂ ਉਡਾਣਾਂ ਜਾਰੀ ਰਹਿਣਗੀਆਂ। ਸਿੰਗਾਪੁਰ ਨੇ ਭਾਰਤ ਤੋਂ ਆਉਣ ਵਾਲੇ ਲੋਕਾਂ ’ਤੇ 24 ਅਪਰੈਲ ਤੋਂ ਸਿੰਗਾਪੁਰ ਵਿਚ ਦਾਖ਼ਲ ਹੋਣ ਜਾਂ ਇੱਥੋਂ ਲੰਘਣ ’ਤੇ ਰੋਕ ਲਗਾ ਦਿੱਤੀ ਹੈ। -ਪੀਟੀਆਈ