ਗੁਰਬਖਸ਼ਪੁਰੀ
ਤਰਨ ਤਾਰਨ, 18 ਜੂਨ
ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਤਰਨ ਤਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਇੱਥੋਂ ਦੀ ਸਰਹਾਲੀ ਰੋਡ ’ਤੇ ਉਦਘਾਟਨੀ ਪੱਥਰ ਰੱਖਿਆ ਗਿਆ ਸੀ ਜੋ ਪਿਛਲੇ ਢਾਈ ਮਹੀਨਿਆਂ ਤੋਂ ਡਿੱਗਾ ਹੋਇਆ ਹੈ ਪਰ ਪ੍ਰਸ਼ਾਸਨ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ| ਇਹ ਪੱਥਰ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀ ਸਰਹਾਲੀ ਰੋਡ ’ਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਵੇਲੇ ਪਿਛਲੇ ਸਾਲ 14 ਅਗਸਤ ਨੂੰ ਉਸ ਵੇਲੇ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਰੱਖਿਆ ਗਿਆ ਸੀ| ਸਰਹਾਲੀ ਰੋਡ ਦੇ ਇੱਕ ਦੁਕਾਨਦਾਰ ਜਤਿੰਦਰ ਸਿੰਘ ਸਮੇਤ ਆਸ- ਪਾਸ ਦੇ ਲੋਕਾਂ ਦੱਸਿਆ ਕਿ ਇਸ ਪੱਥਰ ਲਈ ਵਰਤੇ ਗਏ ਕਥਿਤ ਨਿਕੰਮੇ ਮਟੀਰੀਅਲ ਕਰਕੇ ਇਹ ਉਦਘਾਟਨ ਦੇ ਕੁਝ ਦਿਨਾਂ ਬਾਅਦ ਹੀ ਡਿੱਗ ਗਿਆ ਸੀ| ਪੱਥਰ ਬੀਤੇ ਢਾਈ ਮਹੀਨਿਆਂ ਦਾ ਫਿਰ ਡਿੱਗ ਚੁੱਕਾ ਹੈ| ਐੱਸਡੀਐੱਮ-ਕਮ-ਪ੍ਰਬੰਧਕ ਨਗਰ ਕੌਂਸਲ ਰਜਨੀਸ਼ ਅਰੋੜਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਸੋਮਵਾਰ ਨੂੰ ਹੀ ਇਸ ਪੱਥਰ ਦੀ ਮੁਰੰਮਤ ਕਰਵਾਉਣ ਦੇ ਨਿਰਦੇਸ਼ ਜਾਰੀ ਕਰਨਗੇ|