ਅਵਾਮ ਦਾ ਸਬਰ ਤੇ ਹਾਕਮ ਦਾ ਜਬਰ
30 ਨਵੰਬਰ ਦੇ ਨਜ਼ਰੀਆ ਪੰਨੇ ਉੱਪਰ ਸਵਰਾਜਬੀਰ ਦਾ ਸੰਪਾਦਕੀ ‘… ਸਾਡਾ ਵੀ ਦੇਖ ਜੇਰਾ’ ਕਿਸਾਨੀ ਸੰਘਰਸ਼ ਦੀ ਗੱਲ ਕਰਦਾ ਹੈ। ਕੇਂਦਰ ਮਨਮਰਜ਼ੀ ਦੇ ਕਾਨੂੰਨ ਬਣਾ ਕੇ ਜਨਤਾ ’ਤੇ ਥੋਪ ਰਿਹਾ ਹੈ। ਇਸ ਜਬਰ ਖ਼ਿਲਾਫ਼ ਸਾਰੇ ਮੁਲਕ ਨੂੰ ਪਹਿਲਾਂ ਹੀ ਲਾਮਬੰਦ ਹੋ ਜਾਣਾ ਚਾਹੀਦਾ ਸੀ। ਪੰਜਾਬੀਆਂ ਨੇ ਪਹਿਲ ਕਰ ਕੇ ਆਪਣੇ ਗੁਰੂਆਂ ਦੇ ਦਰਸਾਏ ਰਾਹ ਵੱਲ ਕਦਮ ਪੁੱਟਿਆ ਹੈ। ਭੌਤਿਕ ਰੂਪ ਵਿਚ ਬੇਸ਼ੱਕ ਮਸਲਾ ਖੇਤੀ ਕਾਨੂੰਨ ਵਾਪਸ ਲੈਣ ਦਾ ਹੈ ਪਰ ਆਉਣ ਵਾਲੇ ਸਮੇਂ ਵਿਚ ਇਹ ਲੋਕਤੰਤਰ ਨੂੰ ਨਵੀਂ ਦਿਸ਼ਾ ਦੇਵੇਗਾ। ਹੁਕਮਰਾਨਾਂ ਲਈ ਸਬਕ ਹੈ ਕਿ ਅਵਾਮ ਦੇ ਸਬਰ ਨੂੰ ਜਬਰ ਦੀ ਸਫ਼ਲਤਾ ਨਾ ਮੰਨ ਬੈਠਣ।
ਮਨਦੀਪ ਕੌਰ, ਲੁਧਿਆਣਾ
ਸ਼ਬਦ ਅਤੇ ਸੰਚਾਰ
ਹਰ ਸੋਮਵਾਰ ਐਸਪੀ ਸਿੰਘ ਦੇ ਕਾਲਮ ‘ਲਿਖਤੁਮ ਬਾਦਲੀਲ’ ਵਿਚ ਕੁਝ ਸ਼ਬਦ ਬੜੇ ਓਪਰੇ ਜਾਪਦੇ ਹਨ ਅਤੇ ਆਮ ਪਾਠਕਾਂ ਲਈ ਦਿੱਕਤ ਪੈਦਾ ਕਰਦੇ ਹਨ। ਲੇਖਕ ਉੱਚ ਪੱਧਰ ਦਾ ਪੱਤਰਕਾਰ ਹੈ ਪਰ ਪਾਠਕਾਂ ਤਕ ਗੱਲ ਵੀ ਤਾਂ ਪੁੱਜਦੀ ਹੋਵੇ। 30 ਨਵੰਬਰ ਵਾਲੇ ਲੇਖ ਵਿਚੋਂ ਕੁਝ ਸ਼ਬਦ ਨੋਟ ਕੀਤੇ ਹਨ : ਅਹਿਤਜਾਜ, ਮਨਸੂਖ਼, ਮੁਖਾਲਿਫ਼, ਮੁਸ਼ਤਰਕਾ, ਨਿਆਂ ਫਰਹਾਮੀ, ਅਵਾਜਾਰ, ਅਹਿਤਮਾਦ, ਨਿਸਾਬ ਆਦਿ। ਸਮਝ ਨਾ ਆਉਣ ਕਾਰਨ ਪੜ੍ਹਨ ਦਾ ਸੁਆਦ ਹੀ ਮਾਰਿਆ ਜਾਂਦਾ ਹੈ।
ਪੋਰਿੰਦਰ ਸਿੰਗਲਾ, ਈਮੇਲ
ਸਿਆਸਤਦਾਨਾਂ ਦਾ ਦੋਗ਼ਲਾ ਕਿਰਦਾਰ
28 ਨਵੰਬਰ ਦੇ ਸੰਪਾਦਕੀ ‘ਉਡਦੇ ਬਾਜ਼ਾਂ ਮਗਰ…’ ਵਿਚ ਸਵਰਾਜਬੀਰ ਨੇ ਕਿਸਾਨ ਮੰਗਾਂ ਅਤੇ ਕਿਸਾਨ ਸੰਘਰਸ਼ ਬਾਰੇ ਲਿਖਿਆ ਹੈ ਜਿਸ ਵਿਚ ਰਾਜ ਕਰ ਰਹੀ ਪਾਰਟੀ ਦੀ ਸਿਆਸੀ ਅਨੈਤਿਕਤਾ ਅਤੇ ਸਿਆਸੀ ਪ੍ਰਭੂਆਂ ਦੇ ਦੋਗ਼ਲੇ ਕਿਰਦਾਰ ਦੀ ਝਲਕ ਦਿਖਾਈ ਹੈ। ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਸੁੱਟਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਦੋਂ ਕਿਸਾਨਾਂ ਨੇ ਨੱਕ ਵਿਚ ਦਮ ਕਰ ਦਿੱਤਾ ਤਾਂ ਉਹ ਆਪਣੀ ਬੋਲੀ ਬਦਲਦਾ ਹੋਇਆ ਕੇਂਦਰ ਦਾ ਤਰਜਮਾਨ ਬਣ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਥਾਂ, ਕਿਸੇ ਵੀ ਸਮੇਂ ਗੱਲਬਾਤ ਕਰਨ ਲਈ ਤਿਆਰ ਬੈਠੀ ਹੈ। ਪ੍ਰਕਾਸ਼ ਸਿੰਘ ਬਾਦਲ ਅਤੇ ਅਮਰਿੰਦਰ ਸਿੰਘ ਅੰਦੋਲਨ ਤੋਂ ਬਿਲਕੁੱਲ ਵੱਖਰੀ ਡਫਲੀ ਵਜਾ ਕੇ ਇਕ ਦੂਜੇ ਵਿਚ ਕੀੜੇ ਵੀ ਕੱਢਦੇ ਹਨ ਅਤੇ ਅਰਵਿੰਦ ਕੇਜਰੀਵਾਲ ਉੱਤੇ ਰਲ਼ ਕੇ ਇਕੋ ਬੋਲੀ ਵਿਚ ਹਮਲੇ ਕਰਨ ਵਿਚ ਲੱਗੇ ਹੋਏ ਹਨ। ਅਕਾਲੀਆਂ ਦੀ ਕੇਂਦਰੀ ਮੰਤਰੀ ਕੇਂਦਰ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਬਿਲਾਂ ਦੇ ਹੱਕ ਵਿਚ ਜੋ ਸੋਹਲੇ ਗਾ ਕੇ ਆਈ ਸੀ, ਉਹ ਹੁਣ ਕਿਸਾਨਾਂ ਦੇ ਹੱਕ ਵਿਚ ਬਿਲਾਂ ਦਾ ਵਿਰੋਧ ਕਰਦੀ, ਨਾਅਰੇ ਮਾਰ ਰਹੀ ਹੈ। ਦੋਗ਼ਲੇ ਕਿਰਦਾਰਾਂ ਨੂੰ ਦੇਖ ਕੇ ਮਨ ਰੋਂਦਾ ਹੈ ਤੇ ਢਿੱਡ ਹੱਸਦਾ ਹੈ। ਉਂਜ, ਉਡਦੇ ਬਾਜ਼ਾਂ ਦਾ ਕਿਸਾਨਾਂ ਨੇ ਜਿਵੇਂ ਪਿੱਛਾ ਕੀਤਾ ਹੈ, ਉਹ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ ਜੋ ਆਉਣ ਵਾਲੀਆਂ ਕਿਸਾਨੀ ਪੀੜ੍ਹੀਆਂ ਲਈ ਮਾਰਗ-ਦਰਸ਼ਕ ਬਣੇਗਾ। ਏਸੀ ਕਮਰਿਆਂ ਵਿਚ ਬੈਠ ਕੇ ਕਾਲੇ ਕਾਨੂੰਨ ਘੜਨ ਅਤੇ ਹਦਾਇਤਾਂ ਜਾਰੀ ਕਰਨ ਵਾਲਿਆਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਮਿਹਨਤਕਸ਼ਾਂ ਦੀ ਤਾਕਤ ਦਾ ਅਹਿਸਾਸ ਵੀ ਹੋਇਆ ਹੈ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
(2)
ਕਿਸਾਨਾਂ ਦਾ ਸੰਘਰਸ਼ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਪਰ ਖ਼ਬਰਾਂ ਵਾਲੇ ਨੈਸ਼ਨਲ ਚੈਨਲਾਂ ਨੇ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਪੂਰੀ ਵਾਹ ਲਾਈ ਹੋਈ ਹੈ। ਪਹਿਲਾਂ ਕਿਸੇ ਨੈਸ਼ਨਲ ਚੈਨਲ ਨੇ ਜਾਣਬੁੱਝ ਕੇ ਇਸ ਸੰਘਰਸ਼ ਨੂੰ ਮਹੱਤਤਾ ਹੀ ਨਹੀਂ ਦਿੱਤੀ।
ਪ੍ਰਕਾਸ਼ ਸਿੰਘ, ਜੈਤੋ
ਸਰਕਾਰ ਦਾ ਅੰਤ !
ਕਿਸਾਨ ਅੰਦੋਲਨ ਬਾਰੇ ਰੋਜ਼ ਕੁਝ ਨਾ ਕੁਝ ਪੜ੍ਹ ਕੇ ਉਮੀਦ ਰੱਖੀਦੀ ਸੀ ਕਿ ਸ਼ਾਇਦ ਅੱਜ ਕੋਈ ਹੱਲ ਨਿਕਲ ਆਵੇ ਪਰ ਇੰਨੇ ਦਿਨਾਂ ਬਾਅਦ ਵੀ ਗੱਲ ਉੱਥੇ ਦੀ ਉੱਥੇ ਹੈ। ਜਿਹੜਾ ਘਰ ਛੱਡ ਕੇ ਇਕ ਦਿਨ ਰਿਸ਼ਤੇਦਾਰੀ ਵਿਚ ਰਾਤ ਵੀ ਨਹੀਂ ਸੀ ਰਹਿੰਦਾ, ਉਹ ਬੰਦੇ ਸਮੇਂ ਮੁਟਿਆਰ ਧੀਆਂ, ਗੱਭਰੂ ਪੁੱਤ ਤੇ ਬੁੱਢੇ ਬੇਬੇ ਬਾਪੂ ਨੂੰ ਨਾਲ ਹੀ ਲੈ ਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼, ਦਿੱਲੀ ਦੀਆਂ ਸੜਕਾਂ ਤੇ ਕੜਾਕੇ ਦੀ ਠੰਢ ’ਚ ਕਦੇ ਪਾਣੀ ਦੀਆਂ ਬੁਛਾੜਾਂ, ਕਦੇ ਅੱਥਰੂ ਗੈਸ ਦੇ ਗੋਲੇ ਝੱਲ ਰਿਹਾ ਹੈ। ਇਹ ਸਰਕਾਰ ਕਦੋਂ ਤਕ ਸਾਡੇ ਕਿਸਾਨਾਂ ਦੀ ਸਹਿਣ ਸ਼ਕਤੀ ਨੂੰ ਅਜ਼ਮਾਏਗੀ? ਇਤਿਹਾਸ ਗਵਾਹ ਹੈ, ਅਜਿਹੇ ਤਖਤ ਜੋ ਪਰਜਾ ’ਤੇ ਜ਼ਿਆਦਤੀਆਂ ਕਰਨ, ਉਨ੍ਹਾਂ ਦਾ ਜਲਦੀ ਪਤਨ ਹੋ ਜਾਂਦਾ ਹੈ। ਮੁਗ਼ਲਾਂ ਦਾ ਵੀ ਅਤੇ ਅੰਗਰੇਜ਼ਾਂ ਦਾ ਵੀ ਇਵੇਂ ਹੀ ਭੋਗ ਪਿਆ ਸੀ। ਇਹ ਲੋਕ ਅੰਦੋਲਨ ਹੈ ਜਿਸ ਵਿਚ ਸਭ ਧਰਮਾਂ, ਜਾਤਾਂ ਦੇ ਕਿਸਾਨ ਅਤੇ ਕਿਸਾਨੀ ਨਾਲ ਜੁੜਿਆ ਹਰ ਕਿਰਤੀ ਸ਼ਾਮਿਲ ਹੈ। ਹੁਣ ਜਾਂ ਤਾਂ ਸਾਨੂੰ ਸਾਡੇ ਹੱਕ ਮਿਲਣਗੇ ਜਾਂ ਹੋ ਸਕਦਾ ਹੈ ਕਿ ਸਰਕਾਰ ਦਾ ਅੰਤ ਨੇੜੇ ਹੋਵੇ !
ਸ਼ਰਨਜੀਤ ਕੌਰ, ਜੋਗੇਵਾਲਾ (ਮੋਗਾ)