ਪ੍ਰਭੂ ਦਿਆਲ
ਸਿਰਸਾ, 9 ਦਸੰਬਰ
ਭਾਜਪਾ ਦੇ ਸੂਬਾਈ ਪ੍ਰਧਾਨ ਓਪੀ ਧਨਖੜ ਨੇ ਅੱਜ ਇਥੋਂ ਦੇ ਹੁੱਡਾ ਸੈਕਟਰ ਦੇ 20 ’ਚ ਜ਼ਿਲ੍ਹਾ ਪਾਰਟੀ ਦੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਹੁੱਡਾ ਵੈਲਫੇਅਰ ਐਸੋਸੀਏਸ਼ਨ ਨੇ ਰਿਹਾਇਸ਼ੀ ਇਲਾਕੇ ’ਚ ਪਾਰਟੀ ਦਫ਼ਤਰ ਬਣਾਏ ਜਾਣ ਦਾ ਜਬਰਦਸਤ ਵਿਰੋਧ ਕੀਤਾ। ਇਸ ਦੌਰਾਨ ਜਿਥੇ ਭਾਜਪਾ ਆਗੂ ਤੇ ਕਾਰਕੁਨ ਪਾਰਟੀ ਦਫ਼ਤਰ ਦੇ ਨੀਂਹ ਪੱਥਰ ਰੱਖੇ ਜਾਣ ਸਮੇਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਰਹੇ ਉਥੇ ਹੀ ਬਾਹਰ ਹੁੱਡਾ ਸੈਕਟਰ ਦੇ ਲੋਕ ਸੀਡੀਐੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਰਹੇ। ਇਸ ਦੌਰਾਨ ਹੁੱਡਾ ਸੈਕਟਰ ਵਾਸੀ ਐਡਵੋਕੇਟ ਸੁਰੇਸ਼ ਮਹਿਤਾ, ਕੁਲਦੀਪ ਸਿੰਘ ਨੇ ਦੱਸਿਆ ਕਿ ਭਾਜਪਾ ਵੱਲੋਂ ਹੁੱਡਾ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣਾ ਦਫ਼ਤਰ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਦਾ ਡੱਟ ਕੇ ਵਿਰੋਧ ਕਰਨਗੇ ਤੇ ਇਥੇ ਕਿਸੇ ਵੀ ਸੂਰਤ ਵਿੱਚ ਪਾਰਟੀ ਦਫ਼ਤਰ ਨਹੀਂ ਬਣਨ ਦੇਣਗੇ। ਉਧਰ ਸ੍ਰੀ ਧਨਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਾਰਟੀ ਵੱਲੋਂ ਸਾਰੇ ਨਿਯਮਾਂ ਨੂੰ ਪੂਰਾ ਕਰਦੇ ਹੋਏ ਜ਼ਿਲ੍ਹਾ ਦਫ਼ਤਰ ਬਣਾਇਆ ਜਾ ਰਿਹਾ ਹੈ ਤੇ ਅੱਜ ਇਸ ਦੀ ਨੀਂਹ ਰੱਖੀ ਗਈ ਹੈ।