ਕੋਲੰਬੋ, 17 ਮਈ
ਸ੍ਰੀਲੰਕਾ ਦੀ ਸੰਸਦ ’ਚ ਅੱਜ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਖ਼ਿਲਾਫ਼ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਰੱਦ ਹੋ ਗਿਆ। ਇਸ ਮਤੇ ਦੇ ਹੱਕ ’ਚ 68 ਤੇ ਵਿਰੋਧ ’ਚ 119 ਵੋਟਾਂ ਪਈਆਂ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਵਿਰੋਧੀ ਧਿਰ ਤਾਮਿਲ ਨੈਸ਼ਨਲ ਅਲਾਇੰਸ (ਟੀਐੱਨਏ) ਦੇ ਸੰਸਦ ਮੈਂਬਰ ਐੱਮਏ ਸੁਮੰਥੀਰਨ ਵੱਲੋਂ ਰਾਸ਼ਟਰਪਤੀ ਰਾਜਪਕਸੇ ਖ਼ਿਲਾਫ਼ ਮਤਾ ਪੇਸ਼ ਕੀਤਾ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ 119 ਸੰਸਦ ਮੈਂਬਰਾਂ ਨੇ ਇਸ ਮਤੇ ਖ਼ਿਲਾਫ਼ ਵੋਟਿੰਗ ਕੀਤੀ। ਸਿਰਫ਼ 68 ਸੰਸਦ ਮੈਂਬਰਾਂ ਨੇ ਮਤੇ ਦੇ ਹੱਕ ’ਚ ਵੋਟ ਪਾਈ ਜਿਸ ਕਾਰਨ ਇਹ ਬੇਭਰੋਸਗੀ ਮਤਾ ਪਾਸ ਨਾ ਹੋ ਸਕਿਆ ਤੇ ਇਸ ਨੇ 72 ਸਾਲਾ ਰਾਸ਼ਟਰਪਤੀ ਨੂੰ ਆਸਾਨੀ ਨਾਲ ਜਿੱਤ ਦਿਵਾਈ।
ਮੁੱਖ ਵਿਰੋਧੀ ਧਿਰ ਸਮਾਗੀ ਜਨ ਬਾਲਵੇਗਾਯਾ (ਐੱਸਜੇਬੀ) ਦੇ ਸੰਸਦ ਮੈਂਬਰ ਲਕਸ਼ਮਣ ਕਿਰੀਲਾ ਨੇ ਮਤੇ ਦੀ ਹਮਾਇਤ ਕੀਤੀ ਸੀ। ਐੱਸਜੇਬੀ ਦੇ ਸੰਸਦ ਮੈਂਬਰ ਹਰਸ਼ਾ ਡੀ ਸਿਲਵਾ ਅਨੁਸਾਰ ਮਤੇ ਖ਼ਿਲਾਫ਼ ਵੋਟਿੰਗ ਕਰਨ ਵਾਲਿਆਂ ’ਚ ਸ੍ਰੀਲੰਕਾ ਨਵੇਂ ਚੁਣੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਵੀ ਸ਼ਾਮਲ ਸਨ। ਮਨੁੱਖੀ ਅਧਿਕਾਰਾਂ ਬਾਰੇ ਵਕੀਲ ਭਵਾਨੀ ਫੌਂਸੇਕਾ ਨੇ ਵੋਟ ਤੋਂ ਬਾਅਦ ਟਵੀਟ ਕੀਤਾ ਕਿ ਮਤੇ ਦੀ ਨਾਕਾਮੀ ਨੇ ਰਾਸ਼ਟਰਪਤੀ ਰਾਜਪਕਸੇ ਰਾਖੀ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਬੇਨਕਾਬ ਕਰ ਦਿੱਤਾ ਹੈ। ਨਵੇਂ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੀ ਨਿਯੁਕਤੀ ਤੋਂ ਬਾਅਦ ਅੱਜ ਪਹਿਲੀ ਵਾਰ ਸੰਸਦ ਦੀ ਮੀਟਿੰਗ ਹੋਈ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਰਾਜਪਕਸੇ ਨੂੰ ਅਹੁਦੇ ਤੋਂ ਹਟਾਏ ਜਾਣ ਲਈ ਪਿੱਛੇ ਜਿਹੇ ਸ੍ਰੀਲੰਕਾ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਏ ਸਨ। -ਪੀਟੀਆਈ
ਹਾਕਮ ਧਿਰ ਦੇ ਸੰਸਦ ਮੈਂਬਰ ਦੀ ਡਿਪਟੀ ਸਪੀਕਰ ਵਜੋਂ ਚੋਣ
ਸ੍ਰੀਲੰਕਾ ਦੀ ਸੰਸਦ ਨੇ ਅੱਜ ਤਿੱਖੀ ਬਹਿਸ ਤੋਂ ਬਾਅਦ ਹਾਕਮ ਧਿਰ ਦੇ ਸੰਸਦ ਮੈਂਬਰ ਅਜੀਤ ਰਾਜਪਕਸੇ ਨੂੰ ਸਦਨ ਦਾ ਡਿਪਟੀ ਸਪੀਕਰ ਚੁਣ ਲਿਆ ਹੈ। ਅਜੀਤ ਰਾਜਪਕਸੇ (48) ਨੂੰ ਗੁਪਤ ਵੋਟਿੰਗ ਰਾਹੀਂ ਸਦਨ ਦਾ ਡਿਪਟੀ ਸਪੀਕਰ ਚੁਣਿਆ ਗਿਆ ਹੈ। ਹਾਕਮ ਧਿਰ ਐੱਸਐੱਸਪੀਪੀ ਦੇ ਉਮੀਦਵਾਰ ਅਜੀਤ ਨੂੰ 109 ਜਦਕਿ ਮੁੱਖ ਵਿਰੋਧੀ ਧਿਰ ਸਮਾਗੀ ਜਨ ਬਾਲਵੇਗਾਯਾ ਦੀ ਰੋਹਿਣੀ ਕਵੀਰਤਨੇ ਨੂੰ 78 ਵੋਟਾਂ ਪਈਆਂ ਅਤੇ ਪ੍ਰਧਾਨ ਮਹਿੰਦਾ ਯਾਪਾ ਅਭੈਵਰਧਨ ਨੇ 23 ਵੋਟਾਂ ਖਾਰਜ ਕਰ ਦਿੱਤੀਆਂ। ਅਜੀਤ ਰਾਜਪਕਸੇ ਦਾ ਰਾਜਪਕਸੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ ਪਰ ਉਹ ਉਸੇ ਹੰਬਨਟੋਟੋ ਜ਼ਿਲ੍ਹੇ ਤੋਂ ਆਉਂਦੇ ਹਨ ਜਿੱਥੋਂ ਦਾ ਰਾਜਪਕਸੇ ਪਰਿਵਾਰ ਵਸਨੀਕ ਹੈ।