ਪਰਮਜੀਤ ਸਿੰਘ
ਫਾਜ਼ਿਲਕਾ, 6 ਜਨਵਰੀ
ਇੱਥੋਂ ਦੇ ਵੱਡੇ ਪਿੰਡ ਨੁਕੇਰੀਆਂ ’ਚ ਪਿਛਲੇ 30 ਘੰਟਿਆਂ ਤੋਂ ਬਿਜਲੀ ਸਪਲਾਈ ਗੁੱਲ ਰਹਿਣ ਕਾਰਨ ਪਿੰਡ ਵਾਸੀ ਬਿਜਲੀ ਵਿਭਾਗ ਤੋਂ ਡਾਢੇ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ 66 ਕੇਵੀ ਗਰਿੱਡ ਖੁੜੰਜ ਤੋਂ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਬੀਤੇ ਕੱਲ੍ਹ ਸਵੇਰੇ 5 ਵਜੇ ਤੋਂ ਉਨ੍ਹਾਂ ਦੇ ਪਿੰਡ ਦੀ 24 ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਪਈ ਹੈ, ਜਿਸ ਨੂੰ ਕਿਸੇ ਵੀ ਅਧਿਕਾਰੀ ਜਾ ਮੁਲਾਜ਼ਮ ਵੱਲੋਂ 30 ਘੰਟੇ ਬੀਤ ਜਾਣ ’ਤੇ ਵੀ ਚਾਲੂ ਨਹੀਂ ਕੀਤਾ ਗਿਆ ਹੈ। ਬਿਜਲੀ ਨਾ ਮਿਲਣ ਕਾਰਨ ਉਨ੍ਹਾਂ ਦੇ ਘਰਾਂ ਦੇ ਇਨਵਰਟਰ ਵੀ ਬੰਦ ਹੋ ਗਏ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਬੁਰਾ ਅਸਰ ਪਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ 24 ਘੰਟੇ ਬਿਜਲੀ ਸਪਲਾਈ ਦੀ ਲਾਈਨ ਖੁੜੰਜ ਤੋਂ ਮੰਡੀ ਰੋੜਾਂਵਾਲੀ ਅਤੇ ਇਸ ਤੋਂ ਅੱਗੇ ਪਿੰਡ ਨੁਕੇਰੀਆਂ ਨੂੰ ਦਿੱਤੀ ਗਈ ਹੈ, ਜਿਸ ਦੀ ਲੰਬਾਈ ਕਰੀਬ 6 ਕਿਲੋਮੀਟਰ ਦੀ ਹੀ ਹੈ। ਮੰਡੀ ਰੋੜਾਂਵਾਲੀ ਤੋਂ ਇਸ ਦੀ ਲੰਬਾਈ ਸਿਰਫ 3 ਕਿਲੋਮੀਟਰ ਦੀ ਹੀ ਹੈ, ਜਿਸ ਵਿੱਚੋਂ ਅੱਜ 30 ਘੰਟੇ ਬੀਤ ਜਾਣ ਦੇ ਬਾਵਜੂਦ ਬਿਜਲੀ ਵਿਭਾਗ ਵੱਲੋਂ ਨੁਕਸ ਨਹੀਂ ਲੱਭਿਆ ਜਾ ਸਕਿਆ।
ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੂੰ ਭਾਵੇਂ 24 ਘੰਟੇ ਬਿਜਲੀ ਸਪਲਾਈ ਖੁੜੰਜ ਤੋਂ ਦਿੱਤੀ ਗਈ ਹੈ, ਪ੍ਰੰਤੂ ਮੰਡੀ ਰੋੜਾਂਵਾਲੀ ਤੋਂ ਅੱਗੇ ਦੀ ਬਿਜਲੀ ਸਪਲਾਈ (ਲਾਈਨ) ਦੀ ਜ਼ਿੰਮੇਵਾਰੀ ਸਬ ਡਵੀਜ਼ਨ ਅਰਨੀਵਾਲਾ ਦੇ ਮੁਲਾਜ਼ਮਾਂ ਦੀ ਹੈ। ਇਹ ਪਿੰਡ ਦੋ ਸਬ ਡਵੀਜ਼ਨਾਂ ਅਧੀਨ ਪੈਂਦਾ ਹੋਣ ਕਾਰਨ ਇਸ ਨੂੰ ਵਿਭਾਗ ਵੱਲੋਂ ਅਕਸਰ ਹੀ ਅਣਦੇਖਿਆ ਕੀਤਾ ਜਾਂਦਾ ਹੈ।
ਪਿੰਡ ਨੁਕੇਰੀਆਂ ਦੀ ਬਿਜਲੀ ਸਪਲਾਈ ਬੰਦ ਪਈ ਹੋਣ ਸੰਬੰਧੀ ਵਿਭਾਗ ਦੇ ਐੱਸਡੀਓ ਵਿਨੋਦ ਕੁਮਾਰ ਅਰੋੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਿਜਲੀ ਸਪਲਾਈ ਬੰਦ ਪਈ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇਕਰ ਬਿਜਲੀ ਸਪਲਾਈ ਠੀਕ ਨਹੀਂ ਹੋਈ ਤਾਂ ਉਸ ਦਾ ਕਾਰਨ ਲਗਾਤਾਰ ਪੈ ਰਹੀ ਬਰਸਾਤ ਹੈ।